ਤੇਜਸਵੀ ਪਿਤਾ ਦੇ ਪਰਛਾਵੇਂ ਤੋਂ ਬਾਹਰ ਨਹੀਂ ਆ ਸਕਿਆ: ਤੇਜ ਪ੍ਰਤਾਪ
ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਛੋਟਾ ਭਰਾ ਤੇਜਸਵੀ ਯਾਦਵ ਅੱਜ ਤੱਕ ਪਿਤਾ ਲਾਲੂ ਪ੍ਰਸਾਦ ਯਾਦਵ ਦੇ ਪਰਛਾਵੇਂ ਤੋਂ ਬਾਹਰ ਨਹੀਂ ਨਿਕਲ ਸਕਿਆ ਹੈ। ਹਸਨਪੁਰ ਦੇ ਵਿਧਾਇਕ ਤੇਜ ਪ੍ਰਤਾਪ ਨੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ’ਚੋਂ ਕੱਢੇ ਜਾਣ ਤੋਂ ਬਾਅਦ ਜਨਸ਼ਕਤੀ ਜਨਤਾ ਦਲ ਦਾ ਗਠਨ ਕਰ ਲਿਆ ਸੀ।
ਸਮਰਥਕਾਂ ਵੱਲੋਂ ਤੇਜਸਵੀ ਨੂੰ ‘ਜਨਨਾਇਕ’ ਕਹੇ ਜਾਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਤੇਜ ਪ੍ਰਤਾਪ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਜਨਨਾਇਕ’ ਦੀ ਉਪਾਧੀ ਰਾਮ ਮਨੋਹਰ ਲੋਹੀਆ ਅਤੇ ਕਰਪੂਰੀ ਠਾਕੁਰ ਵਰਗੇ ਮਹਾਪੁਰਖਾਂ ਨਾਲ ਜੁੜੀ ਹੈ। ਤੇਜ ਪ੍ਰਤਾਪ ਨੇ ਕਿਹਾ, ‘‘ਲਾਲੂ ਪ੍ਰਸਾਦ ਯਾਦਵ ਵੀ ਇਸ ਉਪਾਧੀ ਦੇ ਯੋਗ ਹਨ ਪਰ ਤੇਜਸਵੀ ਦੀ ਪਛਾਣ ਅਜੇ ਵੀ ਆਪਣੇ ਪਿਤਾ ’ਤੇ ਟਿਕੀ ਹੈ। ਜਿਸ ਦਿਨ ਉਹ ਆਪਣੀ ਵੱਖਰੀ ਪਛਾਣ ਬਣਾ ਲਵੇਗਾ, ਮੈਂ ਖ਼ੁਦ ਉਸ ਨੂੰ ‘ਜਨਨਾਇਕ’ ਕਹਿਣ ਵਾਲਾ ਪਹਿਲਾ ਸ਼ਖਸ ਬਣਾਂਗਾ।’’
ਇਸ ਵਾਰ ਹਸਨਪੁਰ ਤੋਂ ਵੱਖ ਮਹੂਆ ਸੀਟ ਤੋਂ ਚੋਣ ਲੜ ਰਹੇ ਤੇਜ ਪ੍ਰਤਾਪ ਨੇ ਇਹ ਵੀ ਸਪੱਸ਼ਟ ਕੀਤਾ ਕਿ ਚੋਣ ਨਤੀਜੇ ਭਾਵੇਂ ਜੋ ਵੀ ਹੋਣ ਉਹ ਨਾ ਤਾਂ ਪਿਤਾ ਦੀ ਪਾਰਟੀ ਵਿੱਚ ਪਰਤਣਗੇ ਅਤੇ ਨਾ ਹੀ ਕਿਸੇ ਹੋਰ ਪਾਰਟੀ ’ਚ ਸ਼ਾਮਲ ਹੋਣਗੇ। ਉਨ੍ਹਾਂ ਮਹੂਆ ਵਿੱਚ ਆਪਣੀ ਜਿੱਤ ਦਾ ਪੂਰਾ ਭਰੋਸਾ ਪ੍ਰਗਟਾਉਂਦੇ ਹੋਏ ਕਿਹਾ ਕਿ ਇੱਥੇ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਆਰ ਜੇ ਡੀ ਨੇ ਮਹੂਆ ਸੀਟ ਤੋਂ ਮੌਜੂਦਾ ਵਿਧਾਇਕ ਅਤੇ ਤੇਜਸਵੀ ਦੇ ਨੇੜਲੇ ਮੰਨੇ ਜਾਣ ਵਾਲੇ ਮੁਕੇਸ਼ ਰੌਸ਼ਨ ਨੂੰ ਉਮੀਦਵਾਰ ਬਣਾਇਆ ਹੈ।
