ਤੇਜਪ੍ਰਤਾਪ ਯਾਦਵ ਮਹੂਆ ਤੋਂ ਚੋਣ ਲੜਨਗੇ
ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਬਿਹਾਰ ਵਿਧਾਨ ਸਭਾ ਚੋਣਾਂ ’ਚ ਮਹੂਆ ਹਲਕੇ ਤੋਂ ਚੋਣ ਲੜਨਗੇ। ਤੇਜ ਪ੍ਰਤਾਪ ਵੱਲੋਂ ਨਵੀਂ ਬਣਾਈ ਪਾਰਟੀ ਜਨਸ਼ਕਤੀ ਜਨਤਾ ਦਲ (ਜੇ ਜੇ ਡੀ) ਨੇ ਅੱਜ 21 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਸਾਬਕਾ ਮੰਤਰੀ ਤੇਜ ਪ੍ਰਤਾਪ ਨੂੰ ਉਨ੍ਹਾਂ ਦੇ ਪਿਤਾ ਨੇ ਮਈ ਮਹੀਨੇ ਆਰ ਜੇ ਡੀ ਵਿਚੋਂ ਛੇ ਸਾਲਾਂ ਲਈ ਕੱਢ ਦਿੱਤਾ ਸੀ, ਜਿਸ ਮਗਰੋਂ ਤੇਜ ਪ੍ਰਤਾਪ ਨੇ ਆਪਣੀ ਪਾਰਟੀ ਬਣਾ ਲਈ ਸੀ। ਜੇ ਜੇ ਡੀ ਦੇ ਸੂਬਾ ਮੁਖੀ ਮਦਨ ਯਾਦਵ ਨੇ 21 ਸੀਟਾਂ ਲਈ ਪਾਰਟੀ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰਦਿਆਂ ਕਿਹਾ, ‘‘ਸਾਡੇ ਕੌਮੀ ਪ੍ਰਧਾਨ ਤੇਜ ਪ੍ਰਤਾਪ ਯਾਦਵ ਵੈਸ਼ਾਲੀ ਜ਼ਿਲ੍ਹੇ ’ਚ ਮਹੂਆ ਅਸੈਂਬਲੀ ਹਲਕੇ ਤੋਂ ਚੋਣ ਲੜਨਗੇ।’’ ਯਾਦਵ 2020 ਤੱਕ ਮਹੂਆ ਹਲਕੇ ਦੀ ਨੁਮਾਇੰਦਗੀ ਕਰਦੇ ਰਹੇ ਹਨ। ਪਾਰਟੀ ਨੇ ਹੋਰਨਾਂ ਉਮੀਦਵਾਰਾਂ ’ਚ ਸੰਜੈ ਯਾਦਵ ਨੂੰ ਮੇਧਾਪੁਰ ਤੋਂ, ਤੌਰੀਫ ਰਹਿਮਾਨ ਨੂੰ ਨਰਕਟੀਆਗੰਜ, ਧਰਮੇਂਦਰ ਨੂੰ ਬਰੌਲੀ ਤੇ ਬ੍ਰਜ ਬਿਹਾਰੀ ਭੱਟ ਨੂੰ ਕੁਚੀਆਕੋਟ ਹਲਕੇ ਤੋਂ ਮੈਦਾਨ ’ਚ ਉਤਾਰਿਆ ਹੈ।