ਟਾਟਾ ਗਰੁੱਪ ਵੱਲੋਂ ਜਹਾਜ਼ ਹਾਦਸਾ ਪੀੜਤਾਂ ਲਈ ਪੰਜ ਅਰਬ ਦਾ ਏਆਈ-171 ਮੈਮੋਰੀਅਲ ਤੇ ਵੈੱਲਫੇਅਰ ਟਰੱਸਟ ਕਾਇਮ
ਟਾਟਾ ਗਰੁੱਪ ਨੇ ਪਿਛਲੇ ਮਹੀਨੇ ਅਹਿਮਦਾਬਾਦ ’ਚ ਏਅਰ ਇੰਡੀਆ ਜਹਾਜ਼ ਹਾਦਸੇ ਜਿਸ ’ਚ 260 ਵਿਅਕਤੀ ਮਾਰੇ ਗਏ ਸਨ, ਦੇ ਪੀੜਤਾਂ ਲਈ 500 ਕਰੋੜ ਰੁਪਏ ਦਾ ਏਆਈ-171 ਮੈਮੋਰੀਅਲ ਤੇ ਵੈੱਲਫੇਅਰ ਟਰੱਸਟ ਕਾਇਮ ਕਰਨ ਦਾ ਐਲਾਨ ਕੀਤਾ ਹੈ। ਏਆਈ-171 ਮੈਮੋਰੀਅਲ ਤੇ ਵੈੱਲਫੇਅਰ ਟਰੱਸਟ ਦੀ ਰਜਿਸਟਰੇਸ਼ਨ ਮੁੰਬਈ ਵਿੱਚ ਇੱਕ ਜਨਤਕ ਚੈਰੀਟੇਬਲ ਟਰੱਸਟ ਵਜੋਂ ਕਰਵਾਈ ਗਈ ਹੈ, ਜਿਸ ਲਈ ਟਾਟਾ ਸੰਨਜ਼ ਤੇ ਟਾਟਾ ਟਰੱਸਟਜ਼ ਨੇ 250-250 ਕਰੋੜ ਰੁਪਏ ਦਾ ਯੋਗਦਾਨ ਦੇਣ ਲਈ ਵਚਨਬੱਧਤਾ ਜਤਾਈ ਹੈ।
ਟਾਟਾ ਸੰਨਜ਼ ਨੇ ਇੱਕ ਬਿਆਨ ’ਚ ਕਿਹਾ, ‘‘ਇਹ ਟਰੱਸਟ ਮ੍ਰਿਤਕਾਂ ਦੇ ਵਾਰਸਾਂ/ਕਰੀਬੀ ਪਰਿਵਾਰਕ ਮੈਬਰਾਂ ਤੇ ਹਾਦਸੇ ਕਾਰਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਪ੍ਰਭਾਵਿਤ ਸਾਰੇ ਲੋਕਾਂ ਨੂੰ ਤੁਰੰਤ ਅਤੇ ਲਗਾਤਾਰ ਸਹਾਇਤਾ ਮੁਹੱਈਆ ਕਰਵਾਏਗਾ। ਬਿਆਨ ਮੁਤਾਬਕ ਟਰੱਸਟ ਹਾਦਸੇ ਮਗਰੋਂ ਮੌਕੇ ’ਤੇ ਰਾਹਤ ਤੇ ਬਚਾਅ ਕਾਰਜ ਕਰਨ ਵਾਲੇ ਮੁਲਾਜ਼ਮਾਂ, ਮੈਡੀਕਲ ਤੇ ਆਫ਼ਤ ਪ੍ਰਬੰਧਨ ਪੇਸ਼ੇਵਰਾਂ, ਸਮਾਜ ਸੇਵਕਾਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਹੋਣ ਵਾਲੇ ਕਿਸੇ ਨੁਕਸਾਨ ਜਾਂ ਸੰਕਟ ਨੂੰ ਘਟਾਉਣ ਲਈ ਮਦਦ ਕਰੇਗਾ। ਬਿਆਨ ’ਚ ਕਿਹਾ ਗਿਆ ਕਿ ਪੰਜ ਮੈਂਬਰੀ ਬੋਰਡ ਟਰੱਸਟ ਦਾ ਪ੍ਰਬੰਧ ਦਾ ਸੰਚਾਲਨ ਕਰੇਗਾ। ਟਾਟਾ ਗਰੁੱਪ ਦੇ ਸਾਬਕਾ ਮੈਂਬਰ ਐੱਸ. ਪਦਮਨਾਭਨ ਤੇ ਟਾਟਾ ਸੰਨਜ਼ ਦੇ ਜਨਰਲ ਕੌਂਸਲ ਸਿਧਾਰਥ ਸ਼ਰਮਾ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ ਜਦਕਿ ਬਾਕੀ ਤਿੰਨ ਟਰੱਸਟੀਆਂ ਦੀ ਨਿਯੁਕਤੀ ਵੀ ਜਲਦੀ ਹੀ ਕੀਤੀ ਜਾਵੇਗੀ।