ਟੈਰਿਫ ਦਾ ਭਾਰਤ ’ਤੇ ਕਾਫ਼ੀ ਅਸਰ ਪਿਆ: ਰਾਮਗੁਲਾਮ
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨੇ ਅੱਜ ਕਿਹਾ ਕਿ ਭਾਰਤ ਜੁਰਮਾਨੇ ਵਜੋਂ ਲਾਏ ਗਏ ਟੈਰਿਫਾਂ ਤੇ ਵਪਾਰਕ ਜੰਗ ਕਾਰਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸੁਰੱਖਿਆਵਾਦੀ ਨੀਤੀਆਂ ਵਿੱਚ ਵਾਧੇ, ਪ੍ਰਮੁੱਖ ਅਰਥਚਾਰਿਆਂ ਵਿਚਾਲੇ ਵਧਦੇ ਤਣਾਅ ਤੇ ਜਲਵਾਯੂ ਸਬੰਧੀ ਘਟਨਾਵਾਂ ਕਈ ਜੋਖਮਾਂ ਨੂੰ ਵਧਾ ਰਹੀਆਂ ਹਨ।
ਫੈਡਰੇਸ਼ਨ ਆਫ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਤੇ ਹੋਰ ਸਨਅਤੀ ਸੰਸਥਾਵਾਂ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਥੇ ਕਰਵਾਏ ਗਏ ਮਾਰੀਸ਼ਸ-ਭਾਰਤ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਮਗੁਲਾਮ ਨੇ ਇਹ ਵੀ ਕਿਹਾ ਕਿ ਭਾਰਤ, ਮਾਰੀਸ਼ਸ ਦੇ ਸਮਾਜਿਕ-ਆਰਥਿਕ ਵਿਕਾਸ ’ਚ ਇਕ ਅਜ਼ਮਾਇਆ ਹੋਇਆ ਤੇ ਭਰੋਸੇਮੰਦ ਭਾਈਵਾਲ ਰਿਹਾ ਹੈ ਅਤੇ ਭਾਰਤ ਨੇ ਹਮੇਸ਼ਾ ਮਾਰੀਸ਼ਸ ਦੀ ਦ੍ਰਿੜ੍ਹਤਾ ਨਾਲ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ, ‘ਆਲਮੀ ਆਰਥਿਕ ਵਿਵਸਥਾ ਅਰਾਜਕ ਅਸਥਿਰਤਾ ਤੇ ਅਣਕਿਆਸੀ ਸਥਿਤੀ ਵਿੱਚ ਹੈ। ਸੁਰੱਖਿਆਵਾਦੀ ਨੀਤੀਆਂ ’ਚ ਵਾਧਾ, ਪ੍ਰਮੁੱਖ ਅਰਥਚਾਰਿਆਂ ਵਿਚਾਲੇ ਵਧਦਾ ਤਣਾਅ, ਲਗਾਤਾਰ ਸਪਲਾਈ ਲੜੀ ’ਚ ਅੜਿੱਕਾ, ਵਧਦੀ ਢੋਆ-ਢੁਆਈ ਲਾਗਤ ਅਤੇ ਜਲਵਾਯੂ ਸਬੰਧੀ ਘਟਨਾਵਾਂ ਸਾਡੇ ਕਈ ਜੋਖਮਾਂ ਨੂੰ ਹੋਰ ਵਧਾ ਰਹੀਆਂ ਹਨ।’ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਟੈਰਿਫਾਂ ਤੇ ਵਪਾਰਕ ਜੰਗ ਕਾਰਨ ਕਾਫੀ ਪ੍ਰਭਾਵਿਤ ਹੋ ਰਿਹਾ ਹੈ।
ਮੋਦੀ ਤੇ ਰਾਮਗੁਲਾਮ ਵਿਚਾਲੇ ਮੁਲਾਕਾਤ ਅੱਜ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਵੀਰਵਾਰ ਨੂੰ ਵਾਰਾਨਸੀ ’ਚ ਮਾਰੀਸ਼ਸ ਦੇ ਆਪਣੇ ਹਮਰੁਤਬਾ ਨਵੀਨਚੰਦਰ ਰਾਮਗੁਲਾਮ ਦੀ ਮੇਜ਼ਬਾਨੀ ਕਰਨਗੇ ਅਤੇ ਉਨ੍ਹਾਂ ਨਾਲ ਦੁਵੱਲੀ ਮੀਟਿੰਗ ਕਰਨਗੇ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇਹਰਾਦੂਨ ਜਾਣਗੇ ਅਤੇ ਉੱਤਰਾਖੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ। ਬਿਆਨ ਅਨੁਸਾਰ ਉਹ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕਰਨਗੇ। ਰਾਮਗੁਲਾਮ ਬੀਤੇ ਦਿਨ ਮੁੰਬਈ ਪੁੱਜੇ ਤੇ ਉਹ 16 ਸਤੰਬਰ ਤੱਕ ਭਾਰਤ ’ਚ ਰਹਿਣਗੇ। ਬਿਆਨ ’ਚ ਕਿਹਾ ਗਿਆ ਹੈ ਕਿ ਦੁਵੱਲੀ ਮੀਟਿੰਗ ਦੌਰਾਨ ਮੋਦੀ ਤੇ ਰਾਮਗੁਲਾਮ ਵਿਕਾਸ ਭਾਈਵਾਲੀ ਤੇ ਸਮਰੱਥਾ ਨਿਰਮਾਣ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਸਹਿਯੋਗ ਦੇ ਸਾਰੇ ਪੱਖਾਂ ਦੀ ਸਮੀਖਿਆ ਕਰਨਗੇ। -ਪੀਟੀਆਈ