ਜੈਪੁਰ-ਅਜਮੇਰ ਹਾਈਵੇਅ ’ਤੇ ਟੈਂਕਰ ਨੇ LPG ਸਿਲੰਡਰਾਂ ਨਾਲ ਲੱਦੇ ਟਰੱਕ ਨੂੰ ਟੱਕਰ ਮਾਰੀ
ਇਥੇ ਜੈਪੁਰ ਅਜਮੇਰ ਹਾਈਵੇਅ ’ਤੇ ਮੰਗਲਵਾਰ ਰਾਤੀਂ ਐੱਲਜੀਪੀ ਸਿਲੰਡਰਾਂ ਨਾਲ ਲੱਦੇ ਟਰੱਕ ਨੂੰ ਟੈਂਕਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਨੂੰ ਅੱਗ ਲੱਗ ਗਈ ਤੇ ਇਸ ਵਿਚ ਲੱਦੇ ਗੈਸ ਸਿਲੰਡਰ ਫਟਣੇ ਸ਼ੁਰੂ ਹੋ ਗਏ। ਅੱਗ ਦੀਆਂ ਲਪਟਾਂ ਅਤੇ ਧਮਾਕੇ ਕਈ ਕਿਲੋਮੀਟਰ ਦੂਰ ਤੋਂ ਦਿਖਾਈ ਅਤੇ ਸੁਣਾਈ ਦੇ ਰਹੇ ਸਨ।
ਜੈਪੁਰ ਦੇ ਆਈਜੀ ਰਾਹੁਲ ਪ੍ਰਕਾਸ਼ ਨੇ ਕਿਹਾ ਕਿ ਇਸ ਘਟਨਾ ਵਿੱਚ ਟੈਂਕਰ ਡਰਾਈਵਰ ਸਮੇਤ ਦੋ ਤੋਂ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਸੀਐਮਐਚਓ ਜੈਪੁਰ-1 ਰਵੀ ਸ਼ੇਖਾਵਤ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਲਈ ਜ਼ਿੰਮੇਵਾਰ ਵਾਹਨ ਦੇ ਡਰਾਈਵਰ ਨੂੰ ਮੁੱਢਲੇ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿਚ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੇ ਨਿਰਦੇਸ਼ਾਂ ’ਤੇ ਮੌਕੇ ਉੱਤੇ ਪਹੁੰਚੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ ਅਤੇ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲੀਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੂਡੂ ਖੇਤਰ ਦੇ ਨੇੜੇ ਮੌਕੇ ’ਤੇ ਪਹੁੰਚ ਗਈਆਂ, ਅਤੇ ਹਾਈਵੇਅ ’ਤੇ ਆਵਾਜਾਈ ਰੋਕ ਦਿੱਤੀ ਗਈ। ਬੈਰਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਟਰੱਕਾਂ ਦੇ ਡਰਾਈਵਰ ਅਤੇ ਕਲੀਨਰ ਲਾਪਤਾ ਹਨ। ਪੁਲੀਸ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਸੀਨੀਅਰ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੀ ਮੌਕੇ ’ਤੇ ਮੌਜੂਦ ਸਨ।
ਸੀਐਮਐਚਓ ਸ਼ੇਖਾਵਤ ਨੇ ਕਿਹਾ ਕਿ ਐੱਸਐੱਮਐੱਸ ਹਸਪਤਾਲ ਵਿੱਚ ਸਾਰੇ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ, ਹੁਣ ਤੱਕ ਕਿਸੇ ਵੀ ਜ਼ਖਮੀ ਨੂੰ ਹਸਪਤਾਲ ਨਹੀਂ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ, ‘‘ਮੁੱਢਲੀ ਜਾਣਕਾਰੀ ਅਨੁਸਾਰ, ਇੱਕ ਵਿਅਕਤੀ ਨੂੰ ਡੂਡੂ ਦੇ ਹਸਪਤਾਲ ਵਿੱਚ ਮੁੱਢਲਾ ਇਲਾਜ ਦਿੱਤਾ ਗਿਆ।’’ ਇਸ ਦੌਰਾਨ, ਚਸ਼ਮਦੀਦਾਂ ਨੇ ਦੱਸਿਆ ਕਿ ਐੱਲਪੀਜੀ ਸਿਲੰਡਰਾਂ ਨਾਲ ਲੱਦੇ ਟਰੱਕ ਦਾ ਡਰਾਈਵਰ ਆਪਣਾ ਵਾਹਨ ਸੜਕ ਕਿਨਾਰੇ ਖੜ੍ਹਾ ਕਰਕੇ ਹੋਟਲ ਵਿਚ ਖਾਣਾ ਖਾਣ ਗਿਆ ਸੀ।
ਚਸ਼ਮਦੀਦ ਵਿਨੋਦ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇੱਕ ਟੈਂਕਰ ਨੇ ਐਲਪੀਜੀ ਸਿਲੰਡਰਾਂ ਵਾਲੇ ਲੱਦੇ ਟਰੱਕ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੈਂਕਰ ਦੇ ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ।’’ ਪਿਛਲੇ ਸਾਲ ਦਸੰਬਰ ਵਿੱਚ, ਜੈਪੁਰ ਦੇ ਭੰਕਰੋਟਾ ਨੇੜੇ ਇਸੇ ਹਾਈਵੇਅ ’ਤੇ ਐਲਪੀਜੀ ਟੈਂਕਰ ਇੱਕ ਟਰੱਕ ਨਾਲ ਟਕਰਾ ਗਿਆ ਸੀ। ਇਸ ਹਾਦਸੇ ਵਿਚ 19 ਲੋਕਾਂ ਦੀ ਜਾਨ ਜਾਂਦੀ ਰਹੀ ਸੀ।