TANKER-BLAST ਗੁਜਰਾਤ: ਵਡੋਦਰਾ ਨੇੜੇ ਟੈਂਕਰ ਫਟਣ ਕਾਰਨ ਤਿੰਨ ਹਲਾਕ
ਇੱਥੇ ਟੈਂਕਰ ਫਟਣ ਕਾਰਨ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਕ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਅਨੁਸਾਰ ਵਡੋਦਰਾ ਜ਼ਿਲ੍ਹੇ ਦੇ ਸਾਵਲੀ ਤਾਲੁਕਾ ਦੇ ਮੋਕਸੀ ਪਿੰਡ ਨੇੜੇ ਭਦਰਵਾ-ਸਕਰਦਾ ਸੜਕ ’ਤੇ ਸਥਿਤ ਰਿਤੂ ਐਂਟਰਪ੍ਰਾਈਜ਼ਿਜ਼ ਕੰਪਨੀ ਵਿੱਚ ਟੈਂਕਰ ਫਟ ਗਿਆ। ਇਹ ਘਟਨਾ ਸ਼ਾਮ ਵੇਲੇ ਵਾਪਰੀ ਜਦੋਂ ਇਸ ਕੰਪਨੀ ਦੇ ਕਾਮੇ ਟੈਂਕਰ ਨੂੰ ਗਰਮ ਕਰਕੇ ਠੋਸ ਬਣੀ ਹੋਈ ਲੁੱਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਇਸ ਦਾ ਢੱਕਣ ਬੰਦ ਕੀਤਾ ਹੋਇਆ ਸੀ ਤੇ ਗਰਮ ਕਰਨ ਨਾਲ ਅੰਦਰ ਤਾਪਮਾਨ ਵਧ ਗਿਆ ਤੇ ਟੈਂਕਰ ਫਟ ਗਿਆ। ਅਧਿਕਾਰੀਆਂ ਅਨੁਸਾਰ ਟੈਂਕਰ ਦੇ ਅੰਦਰ ਲੁੱਕ ਠੋਸ ਹੋ ਗਈ ਸੀ ਅਤੇ ਇਸ ਨੂੰ ਤਰਲ ਬਣਾਉਣ ਅਤੇ ਹਟਾਉਣ ਲਈ ਮੁੜ ਗਰਮ ਕੀਤਾ ਜਾ ਰਿਹਾ ਸੀ। ਹਾਲਾਂਕਿ, ਇਸ ਪ੍ਰਕਿਰਿਆ ਦੌਰਾਨ ਟੈਂਕਰ ਦਾ ਢੱਕਣ ਬੰਦ ਰਿਹਾ। ਗਰਮ ਹੋਣ ਕਾਰਨ ਤੇ ਅੰਦਰੂਨੀ ਗੈਸ ਦਾ ਦਬਾਅ ਵਧਣ ਕਾਰਨ ਟੈਂਕਰ ਫਟ ਗਿਆ ਜਿਸ ਨਾਲ ਮੌਕੇ 'ਤੇ ਹੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ ਟੈਂਕਰ ਦਾ ਡਰਾਈਵਰ, ਕਲੀਨਰ ਅਤੇ ਸਾਈਟ ’ਤੇ ਕੰਮ ਕਰ ਰਿਹਾ ਇੱਕ ਮਜ਼ਦੂਰ ਸ਼ਾਮਲ ਹੈ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੰਪਨੀ ਦੇ ਮਾਲਕ ਦੇ ਬਿਆਨ ਲਏ ਜਾ ਰਹੇ ਹਨ।