ਤਾਮਿਲਨਾਡੂ ਭਗਦੜ: ਐੱਨਡੀਏ ਨੇ ਰੈਲੀ ਵਾਲੀ ਥਾਂ ਦੀ ਚੋਣ ’ਤੇ ਸਵਾਲ ਚੁੱਕੇ
ਐੱਨ ਡੀ ਏ ਦੇ ਸੰਸਦ ਮੈਂਬਰਾਂ ਦੇ ਪੈਨਲ ਨੇ ਅੱਜ ਤਾਮਿਲਾਗਾ ਵੈਤਰੀ ਕੜਗਮ (ਟੀ ਵੀ ਕੇ) ਦੀ ਇੱਥੇ 27 ਸਤੰਬਰ ਦੀ ਰੈਲੀ ਵਾਲੀ ਥਾਂ ਦੀ ਚੋਣ ’ਤੇ ਸਵਾਲ ਉਠਾਏ। ਇਸ ਰੈਲੀ ਦੌਰਾਨ ਮੱਚੀ ਭਗਦੜ ਵਿੱਚ 41 ਜਣਿਆਂ ਦੀ ਮੌਤ ਹੋ ਗਈ ਸੀ। ਇਹ ਪੈਨਲ ਭਗਦੜ ਦੀਆਂ ਹਾਲਤਾਂ ਦੀ ਜਾਂਚ ਕਰਨ ਲਈ ਬਣਾਇਆ ਗਿਆ ਹੈ। ਪੈਨਲ ਦੀ ਮੁਖੀ ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਆਸੀ ਰੈਲੀਆਂ ਸਹੀ ਢੰਗ ਤੇ ਪੂਰੀ ਸੁਰੱਖਿਆ ਨਾਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਪੈਨਲ ਇਸ ਘਟਨਾ ਸਬੰਧੀ ਸੂਬਾ ਸਰਕਾਰ ਦੇ ਅਧਿਕਾਰੀਆਂ ਤੋਂ ਵੀ ਪੁੱਛ-ਪੜਤਾਲ ਕਰਨ ਦੀ ਤਿਆਰੀ ਵਿੱਚ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਹਤਿਆਤ ਵਰਤਣੀ ਚਾਹੀਦੀ ਸੀ, ਪਰ ਉਹ ਅਦਾਕਾਰ ਤੇ ਸਿਆਸਤਦਾਨ ਵਿਜੈ ਦੀ ਰੈਲੀ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਿਹਾ। ਭਗਦੜ ਵਾਲੀ ਥਾਂ ਦਾ ਦੌਰਾ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿਉਂਕਿ ਲੋਕ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦਾਅਵਾ ਕੀਤਾ ਕਿ ਅਚਾਨਕ ਬਿਜਲੀ ਚਲੀ ਗਈ ਅਤੇ ਕਿਸੇ ਨੇ ਚੱਪਲ ਸੁੱਟ ਦਿੱਤੀ। ਉਨ੍ਹਾਂ ਕਿਹਾ, ‘‘ਅਜਿਹੀ ਗੱਲ ਕਦੇ ਨਹੀਂ ਸੁਣੀ, ਇਹ ਕੁਝ ਵੱਖਰਾ ਹੀ ਹੈ, ਤਾਂ ਇਨ੍ਹਾਂ ਸਾਰੀਆਂ ਚੀਜ਼ਾਂ ਲਈ ਜ਼ਿੰਮੇਵਾਰ ਕੌਣ ਹੈ।’’ ਬੱਚਿਆਂ ਸਮੇਤ ਕਈ ਮੌਤਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਪੁੱਛਿਆ, ‘‘ਜ਼ਿੰਮੇਵਾਰੀ ਕਿਸਦੀ ਹੈ? ਪ੍ਰਸ਼ਾਸਨ ਦੀ ਜਾਂ ਪ੍ਰਬੰਧਕਾਂ ਦੀ? ਸਾਨੂੰ ਪਤਾ ਲਗਾਉਣਾ ਹੋਵੇਗਾ, ਸਾਨੂੰ ਇਹ ਜਾਣਨਾ ਪਵੇਗਾ।’’ ਰੈਲੀਆਂ ਦੀ ਅਗਵਾਈ ਕਰਨ ਦੇ ਆਪਣਾ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਪੁਲੀਸ ਰੋਡ ਸ਼ੋਅ ਦੌਰਾਨ ਵਾਹਨਾਂ ਰੋਕਣ ਦੀ ਇਜਾਜ਼ਤ ਨਹੀਂ ਦਿੰਦੀ।
ਵਿਜੈ ਵੱਲੋਂ ਸਟਾਲਿਨ ’ਤੇ ‘ਬਦਲਾਖੋਰੀ’ ਦਾ ਦੋਸ਼
ਚੇਨੱਈ/ਕਰੂਰ: ਅਦਾਕਾਰ ਤੇ ਸਿਆਸਤਦਾਨ ਵਿਜੈ ਦੀ ਕਰੂਰ ਰੈਲੀ ’ਚ ਭਗਦੜ ਅੱਜ ਡੀ ਐੱਮ ਕੇ ਬਨਾਮ ਟੀ ਵੀ ਕੇ ਦਰਮਿਆਨ ਟਕਰਾਅ ਦਾ ਕਾਰਨ ਬਣ ਗਈ। ਵਿਜੈ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ’ਤੇ ‘ਬਦਲਾ’ ਲੈਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੱਚ ਸਾਹਮਣੇ ਆਵੇਗਾ। ਸੱਤਾਧਾਰੀ ਡੀ ਐੱਮ ਕੇ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘‘ਮੁੱਖ ਮੰਤਰੀ (ਐੱਮ ਕੇ) ਜੀ, ਜੇਕਰ ਤੁਹਾਡੇ ਮਨ ਵਿੱਚ ਬਦਲਾ ਲੈਣ ਦਾ ਵਿਚਾਰ ਹੈ ਤਾਂ ਤੁਸੀਂ ਮੇਰੇ ਨਾਲ ਕੁਝ ਵੀ ਕਰ ਸਕਦੇ ਹੋ ਪਰ ਤੁਸੀਂ ਪਾਰਟੀ ਦੇ ਲੋਕਾਂ ਨੂੰ ਛੂਹ ਨਹੀਂ ਸਕਦੇ।’’ ਉਨ੍ਹਾਂ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹ ਕਰੂਰ ਤੋਂ ਜਲਦੀ ਨਿਕਲ ਗਏ ਸਨ। ਬਾਅਦ ਵਿੱਚ ਰਿਪੋਰਟਾਂ ਨਲਾ ਗੱਲਬਾਤ ਕਰਦਿਆਂ ਡੀ ਐੱਮ ਕੇ ਆਗੂ ਤੇ ਲੋਕ ਸਭਾ ਮੈਂਬਰ ਕਨੀਮੋਝੀ ਨੇ ਕਿਹਾ ਕਿ ਪੀੜਤ ਲੋਕਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। -ਪੀਟੀਆਈ
ਰੈਲੀ ਦੌਰਾਨ ਉਲੰਘਣਾ ਸਬੰਧੀ ਤਾਮਿਲਨਾਡੂ ਸਰਕਾਰ ਵੱਲੋਂ ਵੀਡੀਓ ਜਾਰੀ
ਚੇਨੱਈ: ਤਾਮਿਲਨਾਡੂ ਸਰਕਾਰ ਨੇ ਅਦਾਕਾਰ ਤੇ ਸਿਆਸਤਦਾਨ ਵਿਜੈ ਦੀ ਕਰੂਰ ਰੈਲੀ ਵਿੱਚ ਨਿਯਮਾਂ ਦੀ ਉਲੰਘਣਾ ਨੂੰ ਦਰਸਾਉਂਦੀ ਵੀਡੀਓ ਅੱਜ ਜਾਰੀ ਕੀਤੀ ਹੈ। ਸੂਬਾ ਸਰਕਾਰ ਨੇ ਦਾਅਵਾ ਕੀਤਾ ਕਿ ਰੈਲੀ ਵਿੱਚ ਅਨੁਮਾਨਿਤ ਭੀੜ ਤੋਂ ਦੁੱਗਣੀ ਗਿਣਤੀ ਵਿੱਚ ਲੋਕ ਇਕੱਠੇ ਹੋਏ, ਜਿਸ ਕਾਰਨ ਕਾਫ਼ੀ ਮੁਸ਼ਕਲਾਂ ਆਈਆਂ। ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਸੀ ਵੇਣੂਗੋਪਾਲ ਤੇ ਹੋਰ ਸੀਨੀਅਰ ਪਾਰਟੀ ਆਗੂਆਂ ਨੇ ਭਗਦੜ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਇਸ ਘਟਨਾ ਨੂੰ ‘ਕਲਪਨਾ ਤੋਂ ਪਰ੍ਹੇ’ ਕਰਾਰ ਦਿੱਤਾ। ਪੀੜਤ ਪਰਿਵਾਰਾਂ ਤੇ ਜ਼ਖ਼ਮੀਆਂ ਨੂੰ ਮਿਲਣ ਮਗਰੋਂ ਵੇਣੂਗੋਪਾਲ ਨੇ ਕਿਹਾ, ‘‘ਕਰਾਰ ਦੀ ਘਟਨਾ ਕਲਪਨਾ ਤੋਂ ਪਰ੍ਹੇ ਹੈ। ਜਿਨ੍ਹਾਂ ਪਰਿਵਾਰਾਂ ਨੇ ਆਪਣੇ ਅਜ਼ੀਜ਼ ਗੁਆਏ, ਉਹ ਬਹੁਤ ਦੁਖੀ ਹਨ।’’ -ਪੀਟੀਆਈ