ਤਾਮਿਲਨਾਡੂ ਇੱਕ ਹੋਰ ਭਾਸ਼ਾਈ ਜੰਗ ਲਈ ਤਿਆਰ: ਸਟਾਲਿਨ
ਹਿੰਦੀ ਥੋਪਣ ਦੇ ਮਾਮਲੇ ’ਤੇ ਜਾਰੀ ਵਿਵਾਦ ਕਾਰਨ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਕਿਹਾ ਕਿ ਸੂਬਾ ‘ਇੱਕ ਹੋਰ ਭਾਸ਼ਾਈ ਜੰਗ’ ਲਈ ‘ਤਿਆਰ’ ਹੈ। ਸਕੱਤਰੇਤ ’ਚ ਕੈਬਨਿਟ ਮੀਟਿੰਗ ਦੀ ਅਗਵਾਈ ਕਰਨ ਮਗਰੋਂ ਮੁੱਖ ਮੰਤਰੀ ਨੇ ਇਹ ਵੀ ਆਖਿਆ ਕਿ ਲੋਕ ਸਭਾ ਹੱਦਬੰਦੀ ਮੁੱਦੇ ’ਤੇ ਚਰਚਾ ਲਈ 5 ਮਾਰਚ ਨੂੰ ਸਰਬ ਪਾਰਟੀ ਮੀਟਿੰਗ ਸੱਦਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਤਾਮਿਲਨਾਡੂ ਦੀਆਂ ਅੱਠ ਲੋਕ ਸਭਾ ਸੀਟਾਂ ਖੁੁੱਸਣ ਦਾ ‘ਖ਼ਤਰਾ’ ਹੈ ਕਿਉਂਕਿ ਸੂਬੇ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਸਫਲਤਾ ਨਾਲ ਲਾਗੂ ਕੀਤਾ ਹੈ, ਜਿਸ ਨਾਲ ਆਬਾਦੀ ’ਤੇ ਕੰਟਰੋਲ ਹੋਇਆ ਹੈ।
ਸਟਾਲਿਨ ਨੇ ਆਖਿਆ ਕਿ ਭਾਰਤੀ ਚੋਣ ਕਮਿਸ਼ਨ ਨਾਲ ਰਜਿਸਟਰਡ ਪਾਰਟੀਆਂ ਨੂੰ ਸਰਬ ਪਾਰਟੀ ਮੀਟਿੰਗ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਨੇ ਰਾਜਸੀ ਮਤਭੇਦ ਦੂਰ ਕਰਕੇ ਇੱਕਜੁਟਤਾ ਦੀ ਅਪੀਲ ਵੀ ਕੀਤੀ। ਇਹ ਪੁੱਛੇ ਜਾਣ ’ਤੇ ਕਿ ਕੀ ਮੀਟਿੰਗ ’ਚ ਤਿੰਨ-ਭਾਸ਼ਾਈ ਨੀਤੀ ਜਿਹੜੀ ਕੌਮੀ ਸਿੱਖਿਆ ਨੀਤੀ (ਐੱਨਈਪੀ) ਦੇ ਮੱਦੇਨਜ਼ਰ ਐੱਨਡੀਏ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਦਰਮਿਆਨ ਵਿਵਾਦ ਦਾ ਵਿਸ਼ਾ ਹੈ, ’ਤੇ ਚਰਚਾ ਹੋਵੇਗੀ, ਦੇ ਜਵਾਬ ’ਚ ਮੁੱਖ ਮੰਤਰੀ ਨੇ ਕਿਹਾ ਕਿ ਐੱਨਈਪੀ, ਕੇਂਦਰੀ ਫੰਡ ਅਤੇ ਨੀਟ (ਐੱਨਈਈਟੀ) ਮੁੱਦਿਆਂ ’ਤੇ ਸੰਸਦ ’ਚ ਆਵਾਜ਼ ਉਠਾਉਣ ਲਈ ਢੁੱਕਵੀਂ ਗਿਣਤੀ ’ਚ ਸੰਸਦ ਮੈਂਬਰਾਂ ਦੀ ਲੋੜ ਹੈ।
ਉਨ੍ਹਾਂ ਕਿਹਾ, ‘‘ਕਿਉਂਕਿ, ਹੱਦਬੰਦੀ ਦੇ ਨਾਮ ’ਤੇ ਦੱਖਣੀ ਸੂਬਿਆਂ ’ਤੇ ਤਲਵਾਰ ਲਟਕ ਰਹੀ ਹੈ। ਹੱਦਬੰਦੀ ਤੋਂ ਬਾਅਦ ਲੋਕ ਸਭਾ ਸੀਟਾਂ ’ਤੇ ਹਾਰ ਦਾ ‘ਖ਼ਤਰਾ’ ਦਰਪੇਸ਼ ਹੈ, ਕਿਉਂਕਿ ਇਹ ਪ੍ਰਕਿਰਿਆ ਸੂਬੇ ਦੀ ਆਬਾਦੀ ’ਤੇ ਆਧਾਰਿਤ ਹੋਵੇਗੀ। ਤਾਮਿਲਨਾਡੂ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ ਰਾਹੀਂ ਆਬਾਦੀ ਕੰਟਰੋਲ ਕੀਤੀ ਹੈ। ਸਿਰਫ ਇਸੇ ਕਰਕੇ ਕਿ ਆਬਾਦੀ (ਤਾਮਿਲਨਾਡੂ ’ਚ) ਘੱਟ ਹੈ, ਲੋਕ ਸਭਾ ਸੀਟਾਂ ’ਚ ਕਟੌਤੀ ਦੀ ਸਥਿਤੀ ਹੈ। ਅਸੀਂ ਅੱਠ ਸੀਟਾਂ ਗੁਆ ਰਹੇ ਹਾਂ ਅਤੇ ਸਿੱਟੇ ਵਜੋਂ ਸਾਡੇ ਕੋਲ ਸਿਰਫ 31 ਸੰਸਦ ਮੈਂਬਰ ਹੋਣਗੇ 39 (ਮੌਜੂਦਾ ਗਿਣਤੀ) ਨਹੀਂ। ਸਾਡੀ ਨੁਮਾਇੰਦਗੀ ਘਟ ਜਾਵੇਗੀ, ਤਾਮਿਲਨਾਡੂ ਦੀ ਆਵਾਜ਼ ਦਬਾਈ ਜਾ ਰਹੀ ਹੈ।’’
ਇਹ ਪੁੱਛੇ ਜਾਣ ਕਿ ਕੀ ਕੇਂਦਰ ਵੱਲੋਂ ਕਥਿਤ ਤੌਰ ’ਤੇ ਹਿੰਦੀ ਥੋਪਣ ਦੇ ਮੱਦੇਨਜ਼ਰ ‘ਇੱਕ ਹੋਰ ਭਾਸ਼ਾਈ ਜੰਗ ਦਾ ਪਿੜ ਬੰਨ੍ਹਿਆ ਜਾ ਰਿਹਾ ਹੈ, ਦੇ ਜਵਾਬ ’ਚ ਸਟਾਲਿਨ ਨੇ ਕਿਹਾ, ‘‘ਹਾਂ, ਯਕੀਨੀ ਤੌਰ ’ਤੇ। ਅਤੇ ਅਸੀਂ ਇਸ ਲਈ ਤਿਆਰ ਹਾਂ।’’ -ਪੀਟੀਆਈ