ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨਾ ਸਿੰਧੂ ਘਾਟੀ ਦੀ ਸੱਭਿਅਤਾ ਤੇ ਸੱਭਿਆਚਾਰ 'ਤੇ ਹਮਲਾ: ਬਿਲਾਵਲ
ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਕ ਭੜਕਾਊ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ ਵੱਲੋਂ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਦਾ ਫੈਸਲਾ ਸਿੰਧੂ ਘਾਟੀ ਦੀ ਸੱਭਿਅਤਾ ਅਤੇ ਸੱਭਿਆਚਾਰ ‘ਤੇ ਹਮਲਾ ਹੈ।ਸਿੰਧੀ ਸੰਤ ਸ਼ਾਹ ਅਬਦੁਲ ਲਤੀਫ ਭਟਾਈ ਦੀ ਦਰਗਾਹ ‘ਤੇ ਸਾਲਾਨਾ ਸਮਾਰੋਹ ਵਿੱਚ ਬੋਲਦਿਆਂ ਬਿਲਾਵਲ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਦਾ ਹੈ ਪਰ ਜੇ ‘ਭਾਰਤ ਉਸ ਨੂੰ ਜੰਗ ਲਈ ਮਜਬੂਰ ਕਰਦਾ ਹੈ ਤਾਂ ਦੇਸ਼ ਪਿੱਛੇ ਨਹੀਂ ਹਟੇਗਾ’।
ਉਨ੍ਹਾਂ ਕਿਹਾ, “ਅਸੀਂ ਸ਼ਾਹ ਅਬਦੁਲ ਲਤੀਫ ਭਟਾਈ ਦੀ ਧਰਤੀ ਤੋਂ ਮੋਦੀ ਸਰਕਾਰ ਨੂੰ ਸੁਨੇਹਾ ਭੇਜਾਂਗੇ, ਜੇ ਜੰਗ ਹੋਈ ਤਾਂ ਅਸੀਂ ਪਿੱਛੇ ਨਹੀਂ ਹਟਦੇ, ਅਸੀਂ ਝੁਕਦੇ ਨਹੀਂ ਜੇ ਤੁਸੀਂ ਸਿੰਧ ਨਦੀ ‘ਤੇ ਹਮਲਾ ਕਰਨ ਬਾਰੇ ਸੋਚਦੇ ਹੋ ਤਾਂ ਪਾਕਿਸਤਾਨ ਦੇ ਹਰ ਸੂਬੇ ਦੇ ਲੋਕ ਤੁਹਾਡਾ ਸਾਹਮਣਾ ਕਰਨ ਲਈ ਤਿਆਰ ਹੋਣਗੇ।”
ਗ਼ੌਰਤਲਬ ਹੈ ਕਿ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਤੋਂ ਇੱਕ ਦਿਨ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਸਜ਼ਾਤਮਕ ਕਦਮ (punitive measures) ਚੁੱਕੇ ਸਨ, ਜਿਨ੍ਹਾਂ ਵਿੱਚ 1960 ਦੀ ਸਿੰਧ ਜਲ ਸੰਧੀ (Indus Waters Treaty - IWT) ਨੂੰ ਮੁਅੱਤਲ ਕਰਨਾ ਵੀ ਸ਼ਾਮਲ ਹੈ।
ਪਾਕਿਸਤਾਨ ਪੀਪਲਜ਼ ਪਾਰਟੀ (PPC) ਦੇ ਚੇਅਰਮੈਨ ਬਿਲਾਵਲ ਨੇ ਕਿਹਾ ਕਿ ਸਿੰਧ ਦਰਿਆ ਨਾ ਸਿਰਫ਼ ਦੇਸ਼ ਦਾ ਇਕਲੌਤਾ ਵੱਡਾ ਜਲ ਸਰੋਤ ਹੈ, ਸਗੋਂ ਇਹ ਆਪਣੇ ਲੋਕਾਂ ਦੇ ਇਤਿਹਾਸ ਨਾਲ ਵੀ ਡੂੰਘਾਈ ਨਾਲ ਜੁੜੀ ਹੋਈ ਹੈ। ਮੋਹਿੰਦਜੋਦੜੋ ਤੇ ਹੜੱਪਾ ਦੀ ਸਿੰਧੂ ਸੱਭਿਅਤਾ ਇਸ ਦਰਿਆ ਨਾਲ ਜੁੜੀ ਹੋਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸਿੰਧ ਦਰਿਆ ’ਤੇ ਹਮਲਾ ‘ਸਾਡੀ ਸੱਭਿਅਤਾ, ਸਾਡੇ ਇਤਿਹਾਸ ਅਤੇ ਸਾਡੀ ਵਿਰਾਸਤ’ ਉਤੇ ਹਮਲਾ ਹੈ। ਪਾਕਿਸਤਾਨ ਦੇ ਲੋਕਾਂ ਕੋਲ ਦੁਸ਼ਮਣ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਤੋਂ ਛੇ ਦਰਿਆਵਾਂ ਨੂੰ ਵਾਪਸ ਲੈਣ ਦੀ ਤਾਕਤ ਹੈ।