ਸੁਪਰੀਮ ਕੋਰਟ ਨੇ ਜੱਜ ਨੂੰ ਫ਼ੌਜਦਾਰੀ ਸੁਣਵਾਈ ਤੋਂ ਰੋਕਣ ਵਾਲੇ ਹੁਕਮ ਵਾਪਸ ਲਏ
ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਪ੍ਰਸ਼ਾਂਤ ਕੁਮਾਰ ’ਤੇ ‘ਜੱਜ ਵਜੋਂ ਅਹੁਦਾ ਛੱਡਣ’ ਤੱਕ ਫ਼ੌਜਦਾਰੀ ਮਾਮਲਿਆਂ ਦੀ ਸੁਣਵਾਈ ਕਰਨ ’ਤੇ ਲਾਈ ਰੋਕ ਅਤੇ ਉਨ੍ਹਾਂ ਨੂੰ ਤਜਰਬੇਕਾਰ ਸੀਨੀਅਰ ਜੱਜ ਨਾਲ ਬੈਠਣ ਦੀ ਹਦਾਇਤ ਦੇਣ ਵਾਲੇ ਆਪਣੇ ਹੁਕਮ ਅੱਜ ਵਾਪਸ ਲੈ ਲਏ ਹਨ। ਇਹ ਹੁਕਮ ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਆਰ. ਮਹਾਦੇਵਨ ਦੇ ਬੈਂਚ ਨੇ 4 ਅਗਸਤ ਨੂੰ ਜਾਰੀ ਕੀਤੇ ਸਨ। ਜਸਟਿਸ ਪਾਰਦੀਵਾਲਾ ਦੀ ਅਗਵਾਈ ਹੇਠਲੇ ਬੈਂਚ ਨੇ ਮਾਮਲੇ ਦੀ ਦੁਬਾਰਾ ਸੁਣਵਾਈ ਕੀਤੀ ਅਤੇ ਚੀਫ਼ ਜਸਟਿਸ ਬੀਆਰ ਗਵਈ ਵੱਲੋਂ ਕੀਤੀ ਗਈ ਲਿਖਤੀ ਅਪੀਲ ਦੇ ਮੱਦੇਨਜ਼ਰ ਹੁਕਮਾਂ ਨੂੰ ਵਾਪਸ ਲੈ ਲਿਆ। ਚੀਫ ਜਸਟਿਸ ਗਵਈ ਨੇ ਜਸਟਿਸ ਪ੍ਰਸ਼ਾਂਤ ਕੁਮਾਰ ਖ਼ਿਲਾਫ਼ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਸਖ਼ਤੀਆਂ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਵਾਲਾ ਪੱਤਰ ਬੈਂਚ ਨੂੰ ਭੇਜਿਆ ਸੀ। ਜਸਟਿਸ ਪਾਰਦੀਵਾਲਾ ਨੇ ਤਾਜ਼ਾ ਹੁਕਮ ਸੁਣਾਉਂਦਿਆਂ ਕਿਹਾ, ‘ਸੀਜੇਆਈ ਵੱਲੋਂ ਬੇਨਤੀ ਕੀਤੀ ਗਈ ਹੈ, ਇਸ ਲਈ ਅਸੀਂ ਇੱਥੇ ਆਪਣੇ 4 ਅਗਸਤ ਦੇ ਹੁਕਮਾਂ ਤੋਂ ਪੈਰਾ 25 ਤੇ 26 ਹਟਾਉਂਦੇ ਦਿੰਦੇ ਹਾਂ। ਹੁਣ ਅਸੀਂ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਚੀਫ ਜਸਟਿਸ ’ਤੇ ਛੱਡ ਦਿੰਦੇ ਹਾਂ।’