ਸੁਪਰੀਮ ਕੋਰਟ ਨੇ ਜਸਟਿਸ ਵਰਮਾ ਦੀ ਅਰਜ਼ੀ ’ਤੇ ਸਵਾਲ ਚੁੱਕੇ
ਸੁਪਰੀਮ ਕੋਰਟ ਨੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਯਸ਼ਵੰਤ ਵਰਮਾ ਤੋਂ ਉਨ੍ਹਾਂ ਦੀ ਉਸ ਅਰਜ਼ੀ ਨੂੰ ਲੈ ਕੇ ਸਵਾਲ ਕੀਤੇ, ਜਿਸ ’ਚ ਉਨ੍ਹਾਂ ਨਕਦੀ ਬਰਾਮਦਗੀ ਮਾਮਲੇ ’ਚ ਅੰਦਰੂਨੀ ਜਾਂਚ ਕਮੇਟੀ ਦੀ ਰਿਪੋਰਟ ਨੂੰ ਨਕਾਰ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਸਿਖਰਲੀ ਅਦਾਲਤ ਨੇ ਸਵਾਲ ਕੀਤਾ ਕਿ ਜਸਟਿਸ ਵਰਮਾ ਨੇ ਅੰਦਰੂਨੀ ਜਾਂਚ ਕਮੇਟੀ ਦੀ ਪ੍ਰਕਿਰਿਆ ’ਚ ਸ਼ਮੂਲੀਅਤ ਕੀਤੀ ਸੀ ਅਤੇ ਹੁਣ ਉਹ ਉਸ ’ਤੇ ਸਵਾਲ ਕਿਵੇਂ ਖੜ੍ਹੇ ਕਰ ਸਕਦੇ ਹਨ। ਅਦਾਲਤ ਵੱਲੋਂ ਇਸ ਮਾਮਲੇ ’ਤੇ 30 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਏਜੀ ਮਸੀਹ ਦੇ ਬੈਂਚ ਨੇ ਜਸਟਿਸ ਵਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੂੰ ਪੁੱਛਿਆ, ‘‘ਉਹ (ਜਸਟਿਸ ਵਰਮਾ) ਜਾਂਚ ਕਮੇਟੀ ਦੇ ਅੱਗੇ ਕਿਉਂ ਪੇਸ਼ ਹੋਏ? ਕੀ ਤੁਸੀਂ ਅਦਾਲਤ ਇਸ ਲਈ ਆਏ ਸੀ ਕਿ ਵੀਡੀਓ ਹਟਾ ਦਿੱਤਾ ਜਾਵੇ? ਤੁਸੀਂ ਜਾਂਚ ਪੂਰੀ ਹੋਣ ਅਤੇ ਰਿਪੋਰਟ ਜਾਰੀ ਹੋਣ ਦੀ ਉਡੀਕ ਕਿਉਂ ਕੀਤੀ? ਕੀ ਤੁਸੀਂ ਕਮੇਟੀ ਕੋਲ ਇਹ ਸੋਚ ਕੇ ਗਏ ਕਿ ਸ਼ਾਇਦ ਤੁਹਾਡੇ ਪੱਖ ’ਚ ਫ਼ੈਸਲਾ ਆ ਜਾਵੇ?’’ ਸਿੱਬਲ ਨੇ ਕਿਹਾ ਕਿ ਕਮੇਟੀ ਅੱਗੇ ਪੇਸ਼ ਹੋਣ ਨੂੰ ਜਸਟਿਸ ਵਰਮਾ ਖ਼ਿਲਾਫ਼ ਨਹੀਂ ਮੰਨਿਆ ਜਾ ਸਕਦਾ ਹੈ। ਸਿੱਬਲ ਨੇ ਕਿਹਾ, ‘‘ਉਹ ਇਸ ਕਰਕੇ ਪੇਸ਼ ਹੋਏ ਕਿਉਂਕਿ ਉਨ੍ਹਾਂ ਸੋਚਿਆ ਕਿ ਕਮੇਟੀ ਇਹ ਪਤਾ ਲਗਾ ਲਵੇਗੀ ਕਿ ਨਕਦੀ ਕਿਸ ਦੀ ਹੈ।’’ ਸਿਖਰਲੀ ਅਦਾਲਤ ਨੇ ਜਸਟਿਸ ਵਰਮਾ ਤੋਂ ਉਨ੍ਹਾਂ ਦੀ ਅਰਜ਼ੀ ’ਚ ਬਣਾਈਆਂ ਗਈਆਂ ਧਿਰਾਂ ਨੂੰ ਲੈ ਕੇ ਵੀ ਸਵਾਲ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਅਰਜ਼ੀ ਦੇ ਨਾਲ ਅੰਦਰੂਨੀ ਜਾਂਚ ਰਿਪੋਰਟ ਦਾਖ਼ਲ ਕਰਨੀ ਚਾਹੀਦੀ ਸੀ। ਸਿੱਬਲ ਨੇ ਕਿਹਾ ਕਿ ਧਾਰਾ 124 (ਸੁਪਰੀਮ ਕੋਰਟ ਦੀ ਸਥਾਪਨਾ ਅਤੇ ਗਠਨ) ਤਹਿਤ ਇਕ ਪ੍ਰਕਿਰਿਆ ਹੈ ਅਤੇ ਕਿਸੇ ਜੱਜ ਬਾਰੇ ਜਨਤਕ ਤੌਰ ’ਤੇ ਬਹਿਸ ਨਹੀਂ ਕੀਤੀ ਜਾ ਸਕਦੀ ਹੈ। ਸਿਖਰਲੀ ਅਦਾਲਤ ਨੇ ਸਿੱਬਲ ਨੂੰ ਕਿਹਾ ਕਿ ਉਹ ਇਕ ਪੰਨੇ ’ਤੇ ਬੁਲੇਟ ਪੁਆਇੰਟ ਲਿਖ ਕੇ ਲਿਆਉਣ ਅਤੇ ਵਰਮਾ ਦੀ ਅਰਜ਼ੀ ’ਚ ਧਿਰ ਬਣਾਏ ਗਏ ਲੋਕਾਂ ਦੇ ਮੀਮੋ ਸਹੀ ਕਰਨ। -ਪੀਟੀਆਈ