ਸੁਪਰੀਮ ਕੋਰਟ ਵੱਲੋਂ ਵਿਮਲ ਨੇਗੀ ਮਾਮਲੇ ’ਤੇ ਸੀਬੀਆਈ ਦੀ ਖਿਚਾਈ
ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀ ਵਿਮਲ ਨੇਗੀ ਦੀ ਮੌਤ ਦੀ ਜਾਂਚ ਕਰ ਰਹੇ ਸੀਬੀਆਈ ਦੇ ਕੁਝ ਅਧਿਕਾਰੀਆਂ ਦੀ ਯੋਗਤਾ ’ਤੇ ਸਵਾਲ ਉਠਾਉਂਦਿਆਂ ਸੀਬੀਆਈ ਦੀ ਖਿਚਾਈ ਕੀਤੀ ਹੈ। ਦੇਸ਼ ਦੀ ਸਰਵਉਚ ਅਦਾਲਤ ਨੇ ਕਿਹਾ ਕਿ ਕੁਝ ਅਧਿਕਾਰੀ ਇਸ ਕੇਸ ਨੂੰ ਸਹੀ ਢੰਗ ਨਾਲ ਨਜਿੱਠ ਨਹੀਂ ਰਹੇ ਤੇ ਨਾ ਹੀ ਸਹੀ ਢੰਗ ਨਾਲ ਜਾਂਚ ਕਰ ਰਹੇ ਹਨ।
ਜਸਟਿਸ ਅਹਿਸਾਨੂਦੀਨ ਅਮਾਨਉੱਲਾ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਅੱਜ ਦੇਸ ਰਾਜ ਨਾਮਕ ਵਿਅਕਤੀ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕੀਤੀ ਜੋ ਅਗਾਊਂ ਜ਼ਮਾਨਤ ਦੀ ਮੰਗ ਕਰ ਰਿਹਾ ਸੀ। ਇਸ ਮਾਮਲੇ ਵਿਚ ਅਦਾਲਤ ਨੇ ਪੁੱਛਿਆ, ‘ਇਸ ਮਾਮਲੇ ਦਾ ਜਾਂਚਕਰਤਾ ਕੌਣ ਹੈ ਜੋ ਇਹ ਸਵਾਲ ਪੁੱਛ ਰਿਹਾ ਹੈ? ਇਹ ਬਚਕਾਨਾ ਹੈ। ਜੇਕਰ ਉਹ ਇੱਕ ਸੀਨੀਅਰ ਅਧਿਕਾਰੀ ਹੈ, ਤਾਂ ਇਹ ਸੀਬੀਆਈ ਦੀ ਦਿਖ ਦੁਖਦਾਈ ਬਣਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਮਲ ਨੇਗੀ 10 ਮਾਰਚ ਨੂੰ ਲਾਪਤਾ ਹੋ ਗਿਆ ਸੀ ਅਤੇ 18 ਮਾਰਚ ਨੂੰ ਬਿਲਾਸਪੁਰ ਜ਼ਿਲ੍ਹੇ ਦੇ ਗੋਬਿੰਦ ਸਾਗਰ ਦੇ ਸ਼ਾਹਤਲਾਈ ਖੇਤਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਜਾਂਚ ਅਧਿਕਾਰੀ ਪੰਕਜ ਸ਼ਰਮਾ ਨੇ ਨੇਗੀ ਦੀ ਪੈੱਨ ਡਰਾਈਵ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਸਨ। ਪੋਸਟਮਾਰਟਮ ਰਿਪੋਰਟ ਅਨੁਸਾਰ ਨੇਗੀ ਦੀ ਮੌਤ ਉਸ ਦੀ ਲਾਸ਼ ਬਰਾਮਦ ਹੋਣ ਤੋਂ ਲਗਪਗ ਪੰਜ ਦਿਨ ਪਹਿਲਾਂ ਹੋ ਗਈ ਸੀ।
ਪੀਟੀਆਈ
