ਯਮਨ ਵਿੱਚ ਭਾਰਤੀ ਨਰਸ ਨੂੰ ਫਾਂਸੀ ਸਬੰਧੀ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ
ਸੁਪਰੀਮ ਕੋਰਟ ਨੂੰ ਵੀਰਵਾਰ ਨੂੰ ਦੱਸਿਆ ਗਿਆ ਕਿ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਫਾਂਸੀ 'ਤੇ ਰੋਕ ਲੱਗੀ ਹੋਈ ਹੈ, ਜਿਸ ਨੂੰ ਯਮਨ ਵਿੱਚ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ, ਅਤੇ ਕੋਈ ਨੁਕਸਾਨਦੇਹ ਗੱਲ ਨਹੀਂ ਹੋ ਰਹੀ ਹੈ।
ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਆਰ ਵੈਂਕਟਾਰਮਣੀ ਨੇ ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੂੰ ਦੱਸਿਆ ਕਿ ਮਾਮਲੇ ਵਿੱਚ ਇੱਕ ਨਵਾਂ ਵਿਚੋਲਾ ਸ਼ਾਮਲ ਹੋ ਗਿਆ ਹੈ।
ਪ੍ਰਿਆ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕਰ ਰਹੀ ਪਟੀਸ਼ਨਰ ਸੰਸਥਾ 'ਸੇਵ ਨਿਮਿਸ਼ਾ ਪ੍ਰਿਆ ਇੰਟਰਨੈਸ਼ਨਲ ਐਕਸ਼ਨ ਕੌਂਸਲ' ਦੇ ਵਕੀਲ ਨੇ ਕਿਹਾ ਕਿ ਫਿਲਹਾਲ ਫਾਂਸੀ 'ਤੇ ਰੋਕ ਲੱਗੀ ਹੋਈ ਹੈ।
ਵੈਂਕਟਾਰਮਣੀ ਨੇ ਕਿਹਾ,‘‘ਇੱਕ ਨਵਾਂ ਵਿਚੋਲਾ ਤਸਵੀਰ ਵਿੱਚ ਆ ਗਿਆ ਹੈ ਚੰਗੀ ਗੱਲ ਇਹ ਹੈ ਕਿ, ਕੋਈ ਨੁਕਸਾਨਦੇਹ ਗੱਲ ਨਹੀਂ ਹੋ ਰਹੀ ਹੈ।’’
ਬੈਂਚ ਨੇ ਕਿਹਾ, "ਅਗਲੀ ਸੁਣਵਾਈ ਜਨਵਰੀ 2026 ਵਿੱਚ ਸੂਚੀਬੱਧ ਕੀਤੀ ਜਾਵੇ। ਜੇਕਰ ਹਾਲਾਤ ਦੀ ਮੰਗ ਹੋਵੇ ਤਾਂ ਧਿਰਾਂ ਜਲਦੀ ਸੁਣਵਾਈ ਲਈ ਅਰਜ਼ੀ ਦੇਣ ਲਈ ਆਜ਼ਾਦ ਹੋਣਗੀਆਂ।"
ਸੁਪਰੀਮ ਕੋਰਟ 38 ਸਾਲਾ ਨਰਸ ਨੂੰ ਬਚਾਉਣ ਲਈ ਕੇਂਦਰ ਨੂੰ ਕੂਟਨੀਤਕ ਚੈਨਲਾਂ ਦੀ ਵਰਤੋਂ ਕਰਨ ਦਾ ਨਿਰਦੇਸ਼ ਦੇਣ ਵਾਲੀ ਇੱਕ ਅਰਜ਼ੀ 'ਤੇ ਸੁਣਵਾਈ ਕਰ ਰਹੀ ਸੀ। ਪ੍ਰਿਆ ਨੂੰ 2017 ਵਿੱਚ ਆਪਣੇ ਯਮਨੀ ਕਾਰੋਬਾਰੀ ਭਾਈਵਾਲ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। -ਪੀਟੀਆਈ