ਭਾਰਤ ਵਿੱਚ ਬਣੇਗਾ ਸੁਖੋਈ ਐੱਸ ਜੇ-100
ਭਾਰਤ ਤੇ ਰੂਸ ਨੇ ਆਪਣੇ ਮਜ਼ਬੂਤ ਰਣਨੀਤਕ ਸਬੰਧਾਂ ਤਹਿਤ ਛੋਟੀ ਦੂਰੀ ਦੀਆਂ ਉਡਾਣਾਂ ਲਈ ਮਿਲ ਕੇ ਦੋ ਇੰਜਣ ਵਾਲੇ ਇੱਕ ‘ਨੈਰੋ-ਬਾਡੀ’ ਗ਼ੈਰ-ਫੌਜੀ ਜਹਾਜ਼ ਬਣਾਉਣ ਸਬੰਧੀ ਸਮਝੌਤਾ ਕੀਤਾ ਹੈ। ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐੱਚ ਏ ਐੱਲ) ਰੂਸੀ ਕੰਪਨੀ ਨਾਲ ਮਿਲ ਕੇ ਸੁਖੋਈ ਐੱਸ ਜੇ-100 ਜਹਾਜ਼ ਬਣਾਏਗੀ। ਇਸ ਸਬੰਧੀ ਐੱਚ ਏ ਐੱਲ ਨੇ ਰੂਸ ਦੀ ਪਬਲਿਕ ਜੁਆਇੰਟ ਸਟਾਕ ਕੰਪਨੀ ਯੂਨਾਈਟਿਡ ਏਅਰਕਰਾਫਟ ਕਾਰਪੋਰੇਸ਼ਨ (ਪੀ ਜੇ ਐੱਸ ਸੀ-ਯੂ ਏ ਸੀ) ਨਾਲ ਮਾਸਕੋ ਵਿੱਚ ਸੋਮਵਾਰ ਨੂੰ ਇੱਕ ਸਮਝੌਤਾ ਪੱਤਰ (ਐੱਮ ਓ ਯੂ) ’ਤੇ ਦਸਤਖ਼ਤ ਕੀਤੇ ਹਨ। ਇਸ ਤਹਿਤ ਭਾਰਤ ਵਿੱਚ ਸੁਖੋਈ ਸੁਪਰਜੈੱਟ (ਐੱਸ ਜੇ-100) ਬਣਾਇਆ ਜਾਵੇਗਾ। ਇਹ ਭਾਰਤ ਵਿੱਚ ਕਿਸੇ ਯਾਤਰੀ ਜਹਾਜ਼ ਬਣਾਉਣ ਦੀ ਦਿਸ਼ਾ ਵਿੱਚ ਪਹਿਲਾ ਪ੍ਰਾਜੈਕਟ ਹੈ। ਹੁਣ ਤੱਕ 200 ਤੋਂ ਵੱਧ ਐੱਸ ਜੇ-100 ਜਹਾਜ਼ ਬਣਾਏ ਜਾ ਚੁੱਕੇ ਹਨ ਅਤੇ 16 ਤੋਂ ਵੱਧ ਵਪਾਰਕ ਏਅਰਲਾਈਨਾਂ ਇਨ੍ਹਾਂ ਦੀ ਵਰਤੋਂ ਕਰ ਰਹੀਆਂ ਹਨ। ਐੱਚ ਏ ਐੱਲ ਨੇ ਕਿਹਾ, ‘‘ਐੱਸ ਜੇ-100 ਭਾਰਤ ਵਿੱਚ ‘ਉਡਾਨ’ ਯੋਜਨਾ ਤਹਿਤ ਛੋਟੀ ਦੂਰੀ ਦੀ ਹਵਾਈ ਯਾਤਰਾ ਲਈ ਫ਼ੈਸਲਾਕੁਨ ਸਾਬਤ ਹੋਵੇਗਾ। ਇਸ ਸਮਝੌਤੇ ਤਹਿਤ ਐੱਚ ਏ ਐੱਲ ਨੂੰ ਘਰੇਲੂ ਗਾਹਕਾਂ ਲਈ ਐੱਸ ਜੇ-100 ਜਹਾਜ਼ ਬਣਾਉਣ ਦਾ ਅਧਿਕਾਰ ਮਿਲੇਗਾ।” ਇਹ ਸਮਝੌਤਾ ਐੱਚ ਏ ਐੱਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡੀ ਕੇ ਸੁਨੀਲ ਅਤੇ ਪੀ ਜੇ ਐੱਸ ਸੀ-ਯੂ ਏ ਸੀ ਦੇ ਡਾਇਰੈਕਟਰ ਜਨਰਲ ਵਾਦਿਮ ਬਡੇਖਾ ਦੀ ਮੌਜੂਦਗੀ ਵਿੱਚ ਹੋਇਆ। ‘ਉਡਾਨ (ਉਡੇ ਦੇਸ਼ ਕਾ ਆਮ ਨਾਗਰਿਕ)’ ਯੋਜਨਾ ਦਾ ਉਦੇਸ਼ ਭਾਰਤ ਵਿੱਚ ਖੇਤਰੀ ਹਵਾਈ ਸੰਪਰਕ ਨੂੰ ਯਕੀਨੀ ਬਣਾਉਣਾ ਹੈ।
