ਪਤਨੀ ਤੇ ਸੱਸ ਨੂੰ ਗੋਲੀਆਂ ਮਾਰ ਕੇ ਆਤਮ-ਹੱਤਿਆ
ਇੱਥੋਂ ਨੇੜਲੇ ਪਿੰਡ ਖੁੱਥੀ ਵਿੱਚ ਅੱਜ ਤੜਕੇ ਸਾਬਕਾ ਫੌਜੀ ਨੇ ਆਪਣੀ ਪਤਨੀ ਅਕਵਿੰਦਰ ਕੌਰ (32) ਅਤੇ ਸੱਸ ਗੁਰਜੀਤ ਕੌਰ (55) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਬਾਅਦ ਵਿੱਚ ਪੁਲੀਸ ਵੱਲੋਂ ਘੇਰੇ ਜਾਣ ਮਗਰੋਂ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ (ਪੈਸਕੋ) ਰਾਹੀਂ ਕੇਂਦਰੀ ਜੇਲ੍ਹ ਵਿੱਚ ਤਾਇਨਾਤ ਸੀ। ਪੁਲੀਸ ਮੁਤਾਬਕ ਗੁਰਪ੍ਰੀਤ ਨੇ ਵਾਰਦਾਤ ਲਈ ਵਰਤੀ ਏ ਕੇ-47 ਰਾਈਫਲ ਜੇਲ੍ਹ ’ਚੋਂ ਚੋਰੀ ਕੀਤੀ ਸੀ।
ਜਾਣਕਾਰੀ ਮੁਤਾਬਕ ਗੁਰਪ੍ਰੀਤ ਦਾ ਆਪਣੀ ਪਤਨੀ ਅਕਵਿੰਦਰ ਨਾਲ ਝਗੜਾ ਚੱਲ ਰਿਹਾ ਸੀ ਅਤੇ ਮਾਮਲਾ ਅਦਾਲਤ ਵਿੱਚ ਸੀ। ਅਕਵਿੰਦਰ ਆਪਣੀ ਮਾਂ ਗੁਰਜੀਤ ਨਾਲ ਪਿੰਡ ਖੁੱਥੀ ਰਹਿ ਰਹੀ ਸੀ। ਅੱਜ ਸਵੇਰੇ 3 ਵਜੇ ਗੁਰਪ੍ਰੀਤ ਦੋਵਾਂ ਦੀ ਹੱਤਿਆ ਕਰਕੇ ਸ਼ਹਿਰ ਦੇ ਸਕੀਮ ਨੰਬਰ-7 ਸਥਿਤ ਨਗਰ ਸੁਧਾਰ ਟਰੱਸਟ ਦੇ ਫਲੈਟਾਂ ਵਿੱਚ ਜਾ ਲੁਕਿਆ। ਸੂਚਨਾ ਮਿਲਣ ’ਤੇ ਐੱਸ ਐੱਸ ਪੀ ਅਦਿਤਿਆ ਦੀ ਅਗਵਾਈ ਹੇਠ ਕਰੀਬ 200 ਪੁਲੀਸ ਮੁਲਾਜ਼ਮਾਂ ਨੇ ਫਲੈਟ ਨੂੰ ਘੇਰਾ ਪਾ ਲਿਆ। ਪੁਲੀਸ ਨੇ ਉਸ ਨੂੰ ਸਮਰਪਣ ਕਰਨ ਲਈ ਕਿਹਾ ਪਰ ਉਹ ਧਮਕੀਆਂ ਦਿੰਦਾ ਰਿਹਾ। ਇਸ ਦੌਰਾਨ ਇੱਕ ਅਧਿਕਾਰੀ ਕੋਲੋਂ ਅਚਾਨਕ ਗੋਲੀ ਚੱਲਣ ’ਤੇ ਭੁਲੇਖਾ ਪਿਆ ਕਿ ਮੁਲਜ਼ਮ ਨੇ ਖ਼ੁਦਕੁਸ਼ੀ ਕਰ ਲਈ ਹੈ ਪਰ ਉਹ ਪੌੜੀਆਂ ’ਤੇ ਬੈਠਾ ਸੀ। ਐੱਸ ਐੱਸ ਪੀ ਨੇ ਦੁਬਾਰਾ ਗੱਲਬਾਤ ਦੀ ਕੋਸ਼ਿਸ਼ ਕੀਤੀ ਪਰ ਕੁਝ ਹੀ ਮਿੰਟਾਂ ਬਾਅਦ ਗੁਰਪ੍ਰੀਤ ਨੇ ਖ਼ੁਦ ਨੂੰ ਗੋਲੀ ਮਾਰ ਲਈ।
