ਰਿਫੰਡ ਦਾਅਵਿਆਂ ਅਤੇ ਟਰੱਸਟਾਂ ’ਤੇ ਟੈਕਸ ’ਚ ਬਦਲਾਅ ਦਾ ਸੁਝਾਅ
ਨਵੇਂ ਇਨਕਮ ਟੈਕਸ ਬਿੱਲ ਦੀ ਘੋਖ ਕਰਨ ਵਾਲੀ ਸੰਸਦੀ ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਵਿਅਕਤੀਗਤ ਟੈਕਸਦਾਤਿਆਂ ਨੂੰ ਬਿਨਾਂ ਕਿਸੇ ਜੁਰਮਾਨੇ ਦੇ ਤੈਅ ਤਰੀਕ ਮਗਰੋਂ ਰਿਟਰਨ ਭਰਨ ਕਰਕੇ ਸਰੋਤ ਤੋਂ ਟੈਕਸ ਕਟੌਤੀ (ਟੀਡੀਐੱਸ) ਰਿਫੰਡ ਦਾ ਦਾਅਵਾ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸੰਸਦੀ ਕਮੇਟੀ ਨੇ ਇਹ ਸੁਝਾਅ ਵੀ ਦਿੱਤਾ ਕਿ ਧਾਰਮਿਕ ਅਤੇ ਚੈਰੀਟੇਬਲ ਟਰੱਸਟਾਂ ਨੂੰ ਦਿੱਤੇ ਜਾਂਦੇ ਗੁੰਮਨਾਮ ਦਾਨ ਨੂੰ ਟੈਕਸ ਤੋਂ ਮੁਕਤ ਰੱਖਿਆ ਜਾਵੇ। ਜਾਣਕਾਰੀ ਮੁਤਾਬਕ ਬਿੱਲ ਬਾਰੇ ਸਿਲੈਕਟ ਕਮੇਟੀ ਨੇ 566 ਸਿਫ਼ਾਰਸ਼ਾਂ ਕੀਤੀਆਂ ਹਨ ਅਤੇ ਹੁਣ ਲੋਕ ਸਭਾ ’ਚ ਇਨ੍ਹਾਂ ’ਤੇ ਚਰਚਾ ਹੋਵੇਗੀ।
ਇਨਕਮ ਟੈਕਸ ਬਿੱਲ, 2025 ਦੀ ਪੜਤਾਲ ਲਈ ਭਾਜਪਾ ਦੇ ਸੰਸਦ ਮੈਂਬਰ ਬੈਜਯੰਤ ਪਾਂਡਾ ਦੀ ਅਗਵਾਈ ਹੇਠ ਲੋਕ ਸਭਾ ਦੀ ਸਿਲੈਕਟ ਕਮੇਟੀ ਬਣਾਈ ਗਈ ਸੀ ਜਿਸ ਨੇ ਲੋਕ ਸਭਾ ’ਚ ਅੱਜ 4,575 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਹੈ। ਰਿਪੋਰਟ ’ਚ ਨਵੇਂ ਇਨਕਮ ਟੈਕਸ ਬਿੱਲ, 2025 ’ਚ ਗ਼ੈਰ-ਲਾਭਕਾਰੀ ਸੰਠਗਨਾਂ (ਐੱਨਪੀਓਜ਼) ਦੀ ਆਮਦਨ ਦੇ ਤਰੀਕਿਆਂ ’ਚ ਵਿਆਪਕ ਬਦਲਾਅ ਦੇ ਸੁਝਾਅ ਵੀ ਦਿੱਤੇ ਗਏ ਹਨ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਉਹ ਛੇ ਦਹਾਕੇ ਪੁਰਾਣੇ ਇਨਕਮ ਟੈਕਸ ਐਕਟ, 1961 ਦੀ ਥਾਂ ਲਵੇਗਾ। ਕਮੇਟੀ ਨੇ ਐੱਨਪੀਓ ਦੀਆਂ ‘ਪ੍ਰਾਪਤੀਆਂ’ ’ਤੇ ਟੈਕਸ ਲਗਾਉਣ ਦਾ ਵਿਰੋਧ ਕੀਤਾ ਹੈ ਕਿਉਂਕਿ ਇਹ ਇਨਕਮ ਟੈਕਸ ਐਕਟ ਤਹਿਤ ਅਸਲ ਆਮਦਨ ਟੈਕਸ ਦੇ ਸਿਧਾਂਤ ਦੀ ਉਲੰਘਣਾ ਹੈ। ਸੁਝਾਵਾਂ ’ਚ ‘ਆਮਦਨ’ ਸ਼ਬਦ ਨੂੰ ਮੁੜ ਤੋਂ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ਼ ਐੱਨਪੀਓ ਦੀ ਸ਼ੁੱਧ ਆਮਦਨ ’ਤੇ ਹੀ ਟੈਕਸ ਲਗਾਇਆ ਜਾਵੇ।