ਗੰਨੇ ਦਾ ਭਾਅ ਵਧਾ ਕੇ 416 ਰੁਪਏ ਕੀਤਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਗਲੇ ਪਿੜਾਈ ਸੀਜ਼ਨ ਲਈ ਗੰਨੇ ਦਾ ਭਾਅ ਵਧਾ ਕੇ 416 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਗੰਨੇ ਦੀ ਫਸਲ ਦਾ ਭਾਅ 401 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਸੀ।
ਪਨਿਆੜ (ਦੀਨਾਨਗਰ) ਵਿੱਚ ਨਵੀਂ ਸਹਿਕਾਰੀ ਖੰਡ ਮਿੱਲ ਅਤੇ ਕੋ-ਜਨਰੇਸ਼ਨ ਪਲਾਂਟ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਗੰਨੇ ਦਾ ਸਭ ਤੋਂ ਵੱਧ ਭਾਅ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗੰਨੇ ਨੂੰ ਪਾਣੀ ਦੀ ਜ਼ਿਆਦਾ ਖਪਤ ਵਾਲੀਆਂ ਫਸਲਾਂ ਦੇ ਵਿਹਾਰਕ ਬਦਲ ਵਜੋਂ ਮਾਨਤਾ ਦੇਵੇ।
ਮਿੱਲ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਗੰਨਾ ਕਾਸ਼ਤਕਾਰਾਂ ਲਈ ਮਹੱਤਵਪੂਰਨ ਕੰਮ ਕਰ ਰਹੀ ਹੈ। ਖ਼ਿੱਤੇ ਵਿੱਚ ਲਗਪਗ 80 ਲੱਖ ਕੁਇੰਟਲ ਗੰਨਾ ਪੈਦਾ ਹੁੰਦਾ ਹੈ ਅਤੇ ਇਸ ਦੇ ਮੁਕਾਬਲੇ ’ਚ ਪਹਿਲਾਂ ਮਿੱਲ ਦੀ ਪ੍ਰਤੀ ਸੀਜ਼ਨ ਪਿੜਾਈ ਸਮਰੱਥਾ ਸਿਰਫ਼ 25 ਲੱਖ ਕੁਇੰਟਲ ਸੀ। ਪੰਜਾਬ ਸਰਕਾਰ ਨੇ ਪਾੜੇ ਨੂੰ ਪੂਰਨ ਲਈ ਇਸ ਦੇ ਆਧੁਨਿਕੀਕਰਨ ਦਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਮਿੱਲ ਦੀ ਪਿੜਾਈ ਸਮਰੱਥਾ 5 ਹਜ਼ਾਰ ਟੀ ਸੀ ਡੀ ਤੱਕ ਵਧਾਈ ਗਈ ਹੈ, ਜੋ ਖ਼ਿੱਤੇ ਵਿੱਚ ਗੰਨੇ ਦੀ ਫਸਲ ਦੀ ਸਮੇਂ ਸਿਰ ਅਤੇ ਕੁਸ਼ਲ ਢੰਗ ਨਾਲ ਪਿੜਾਈ ਨੂੰ ਯਕੀਨੀ ਬਣਾਉਂਦੀ ਹੈ। ਅਤਿ-ਆਧੁਨਿਕ ਸਲਫਰ ਰਹਿਤ ਰਿਫਾਇੰਡ ਸ਼ੂਗਰ ਪਲਾਂਟ ਵੀ ਸਥਾਪਤ ਕੀਤਾ ਗਿਆ ਹੈ, ਜੋ ਪ੍ਰੀਮੀਅਮ-ਗ੍ਰੇਡ ਖੰਡ ਪੈਦਾ ਕਰਨ ਦੇ ਸਮਰੱਥ ਹੈ। ਇੱਕ ਹੋਰ ਮੁੱਖ ਵਿਸ਼ੇਸ਼ਤਾ 28.5 ਮੈਗਾਵਾਟ ਸਹਿ-ਉਤਪਾਦਨ ਪਾਵਰ ਪਲਾਂਟ ਦਾ ਕਾਰਜਸ਼ੀਲ ਹੋਣਾ ਹੈ, ਜੋ ਪੀ ਐੱਸ ਪੀ ਸੀ ਐੱਲ ਨੂੰ 20 ਮੈਗਾਵਾਟ ਵਾਧੂ ਬਿਜਲੀ ਬਰਾਮਦ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਖੇਤਰ ਵਿੱਚ ਮੈਡੀਕਲ ਕਾਲਜ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਜਲਦੀ ਹੀ ਪੂਰੀ ਹੋ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਸ਼ੂਗਰਫੈੱਡ ਦੇ ਚੇਅਰਮੈਨ ਨਵਦੀਪ ਸਿੰਘ ਜੀਦਾ ਵੀ ਮੌਜੂਦ ਸਨ।
