ਮੋਬਾਈਲ ਪਲੈਟਫਾਰਮ ਤੋਂ ਅਗਨੀ-ਪ੍ਰਾਈਮ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼
ਭਾਰਤ ਨੇ ਰੇਲ ਮੋਬਾਈਲ ਲਾਂਚਿੰਗ ਪ੍ਰਣਾਲੀ ਨਾਲ ਦੋ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਣ ਵਾਲੀ ਅਗਨੀ-ਪ੍ਰਾਈਮ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਕੀਤੀ ਹੈ ਜਿਸ ਨਾਲ ਇਸ ਨੂੰ ਦੇਸ਼ ਭਰ ’ਚ ਤਾਇਤਾਨ ਕਰਨ ਦੀ ਇਸ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ।
ਅਗਲੀ ਪੀੜ੍ਹੀ ਦੀ ਮਿਜ਼ਾਈਲ ਦੀ ਅਜ਼ਮਾਇਸ਼ ਮਗਰੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਇਸ ਨਾਲ ਭਾਰਤ ਉਨ੍ਹਾਂ ਚੋਣਵੇਂ ਦੇਸ਼ਾਂ ਦੇ ਸਮੂਹ ’ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਕੋਲ ਰੇਲ ਨੈੱਟਵਰਕ ਰਾਹੀਂ ਮਿਜ਼ਾਈਲ ਲਾਂਚ ਕਰਨ ਦੀ ਸਮਰੱਥਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਨੇ ਰਣਨੀਤਕ ਬਲ ਕਮਾਨ (ਐੱਸ ਐੱਫ ਸੀ) ਦੇ ਸਹਿਯੋਗ ਨਾਲ ਬੀਤੇ ਦਿਨ ਦਰਮਿਆਨੀ ਦੂਰੀ ਦੀ ਅਗਨੀ ਪ੍ਰਾਈਮ ਮਿਜ਼ਾਈਲ ਦੀ ‘ਸਫ਼ਲ’ ਲਾਂਚਿੰਗ ਕੀਤੀ। ਇਸ ਨੇ ਹਥਿਆਰ ਪ੍ਰਣਾਲੀ ਦੇ ਲਾਂਚ ਕਰਨ ਵਾਲੇ ਸਥਾਨ ਦਾ ਖੁਲਾਸਾ ਨਹੀਂ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਤਿਆਰ ਰੇਲ ਮੋਬਾਈਲ ਲਾਂਚਿੰਗ ਪ੍ਰਣਾਲੀ ਨਾਲ ਕੀਤੀ ਗਈ ਇਹ ਆਪਣੀ ਤਰ੍ਹਾਂ ਦੀ ਪਹਿਲੀ ਲਾਂਚਿੰਗ ਹੈ। ਉਨ੍ਹਾਂ ਕਿਹਾ ਕਿ ਇਸ ’ਚ ਰੇਲ ਨੈੱਟਵਰਕ ’ਤੇ ਚੱਲਣ ਦੀ ਸਮਰੱਥਾ ਹੈ ਜਿਸ ਨਾਲ ਇਸ ਨੂੰ ਬਹੁਤ ਘੱਟ ਸਮੇਂ ਅੰਦਰ ਦੇਸ਼ ’ਚ ਕਿਤੇ ਵੀ ਲਿਜਾਇਆ ਜਾ ਸਕੇਗਾ। ਮੰਤਰਾਲੇ ਨੇ ਕਿਹਾ ਕਿ ਅਗਨੀ-ਪ੍ਰਾਈਮ ਮਿਜ਼ਾਈਲ ਅਤਿ-ਆਧੁਨਿਕ ਸੰਚਾਰ ਪ੍ਰਣਾਲੀਆਂ ਤੇ ਸੁਰੱਖਿਆ ਤੰਤਰ ਸਮੇਤ ਸਾਰੀਆਂ ਲਾਂਚਿੰਗ ਸਮਰੱਥਾ ਸਹੂਲਤਾਂ ਨਾਲ ਲੈਸ ਹੈ।