ਸ਼ੁਭਾਂਸ਼ੂ ਸ਼ੁਕਲਾ ਪੁਲਾੜ ’ਚ ਜਾਣ ਵਾਲਾ 634ਵਾਂ ਪੁਲਾੜ ਯਾਤਰੀ ਬਣਿਆ
ਨਵੀਂ ਦਿੱਲੀ, 26 ਜੂਨ
ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਪੁਲਾੜ ਵਿੱਚ ਜਾਣ ਵਾਲੇ 634ਵੇਂ ਪੁਲਾੜ ਯਾਤਰੀ ਬਣ ਗਏ ਹਨ। ਉਹ 28 ਘੰਟੇ ਦੀ ਯਾਤਰਾ ਤੋਂ ਬਾਅਦ ਅੱਜ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਦਾਖਲ ਹੋਏ। ਸ਼ੁਕਲਾ ਅਤੇ ਤਿੰਨ ਹੋਰ ਪੁਲਾੜ ਯਾਤਰੀਆਂ ਦਾ ਐਕਸਪੀਡੀਸ਼ਨ 73 ਦੇ ਮੈਂਬਰਾਂ ਨੇ ਗਰਮਜੋਸ਼ੀ ਨਾਲ ਗਲੇ ਮਿਲ ਕੇ ਅਤੇ ਹੱਥ ਮਿਲਾ ਕੇ ਸਵਾਗਤ ਕੀਤਾ। ਐਕਸੀਓਮ ਮਿਸ਼ਨ ਦੀ ਕਮਾਂਡਰ ਪੈਗੀ ਵਿਟਸਨ ਨੇ ਸ਼ੁਕਲਾ, ਪੋਲਿਸ਼ ਪੁਲਾੜ ਯਾਤਰੀ ਸਲਾਵੋਜ਼ ਉਜ਼ਨਾਂਸਕੀ-ਵਿਸਨੀਵਸਕੀ ਅਤੇ ਹੰਗਰੀ ਦੇ ਤਿਬੋਰ ਕਾਪੂ ਨੂੰ ਪੁਲਾੜ ਯਾਤਰੀ ਪਿੰਨ ਦਿੱਤੇ। ਇਨ੍ਹਾਂ ਤਿੰਨਾਂ ਦੀ ਇਹ ਪਲੇਠੀ ਪੁਲਾੜ ਯਾਤਰਾ ਹੈ।
ਸ਼ੁਕਲਾ ਨੇ ਪੁਲਾੜ ਸਟੇਸ਼ਨ ’ਤੇ ਹੋਏ ਰਸਮੀ ਸਵਾਗਤ ਸਮਾਰੋਹ ਵਿੱਚ ਸੰਖੇਪ ਟਿੱਪਣੀ ਵਿੱਚ ਕਿਹਾ, ‘‘ਮੈਂ 634ਵਾਂ ਪੁਲਾੜ ਯਾਤਰੀ ਹਾਂ। ਇੱਥੇ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਤੁਹਾਡੇ ਪਿਆਰ ਅਤੇ ਆਸ਼ੀਰਵਾਦ ਨਾਲ, ਮੈਂ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਪਹੁੰਚ ਗਿਆ ਹਾਂ। ਇੱਥੇ ਖੜ੍ਹੇ ਹੋਣਾ ਆਸਾਨ ਲੱਗਦਾ ਹੈ, ਪਰ ਮੇਰਾ ਸਿਰ ਥੋੜ੍ਹਾ ਭਾਰੀ ਹੈ। ਕੁਝ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹਾਂ ਪਰ ਇਹ ਮਾਮੂਲੀ ਮਸਲੇ ਹਨ। ਅਸੀਂ ਇਸ ਦੇ ਆਦੀ ਹੋ ਜਾਵਾਂਗੇ। ਇਹ ਇਸ ਯਾਤਰਾ ਦਾ ਪਹਿਲਾ ਕਦਮ ਹੈ।’’ ਸ਼ੁਕਲਾ ਨੇ ਕਿਹਾ ਕਿ ਅਗਲੇ 14 ਦਿਨਾਂ ਵਿੱਚ, ਉਹ ਅਤੇ ਹੋਰ ਪੁਲਾੜ ਯਾਤਰੀ ਵਿਗਿਆਨਕ ਪ੍ਰਯੋਗ ਕਰਨਗੇ ਅਤੇ ਧਰਤੀ ’ਤੇ ਲੋਕਾਂ ਨਾਲ ਗੱਲਬਾਤ ਕਰਨਗੇ।
ਉਨ੍ਹਾਂ ਕਿਹਾ, ‘‘ਇਹ ਭਾਰਤ ਦੀ ਪੁਲਾੜ ਯਾਤਰਾ ਦਾ ਇੱਕ ਪੜਾਅ ਵੀ ਹੈ। ਮੈਂ ਤੁਹਾਡੇ ਨਾਲ ਗੱਲ ਕਰਦਾ ਰਹਾਂਗਾ। ਆਓ ਇਸ ਯਾਤਰਾ ਨੂੰ ਦਿਲਚਸਪ ਬਣਾਈਏ। ਮੈਂ ਤਿਰੰਗਾ ਲੈ ਕੇ ਆਇਆ ਹਾਂ ਅਤੇ ਮੈਂ ਤੁਹਾਡੇ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਆਇਆ ਹਾਂ। ਅਗਲੇ 14 ਦਿਨ ਦਿਲਚਸਪ ਹੋਣਗੇ।"
ਸ਼ੁਕਲਾ ਨੇ ਕਿਹਾ ਕਿ ਪੁਲਾੜ ਸਟੇਸ਼ਨ ਦੀ ਯਾਤਰਾ ਸ਼ਾਨਦਾਰ ਅਤੇ ਬਹੁਤ ਵਧੀਆ ਸੀ ਅਤੇ ਉਹ ਔਰਬਿਟਲ ਲੈਬਾਰਟਰੀ ਦੇ ਅਮਲੇ ਵੱਲੋਂ ਕੀਤੇ ਸਵਾਗਤ ਤੋਂ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ, ‘‘ਜਿਸ ਮਿੰਟ ਮੈਂ ਕੌਮਾਂਤਰੀ ਪੁਲਾੜ ਸਟੇਸ਼ਨ ਵਿੱਚ ਦਾਖਲ ਹੋਇਆ ਅਤੇ ਇਸ ਕਰੂ ਨੂੰ ਮਿਲਿਆ, ਤੁਸੀਂ ਮੈਨੂੰ ਇੰਨਾ ਖ਼ਾਸ ਮਹਿਸੂਸ ਕਰਵਾਇਆ, ਜਿਵੇਂ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ।’’ -ਪੀਟੀਆਈ