13 ਸਾਲ ਦੀ ਉਮਰ ਤੋਂ ਨਸ਼ੇ ਕਰਨ ਲੱਗੇ ਵਿਦਿਆਰਥੀ
ਏਮਸ ਦਿੱਲੀ ਵੱਲੋਂ ਕੀਤੇ ਬਹੁ-ਸ਼ਹਿਰੀ ਸਰਵੇਖਣ ਅਨੁਸਾਰ ਸਕੂਲੀ ਬੱਚੇ ਔਸਤਨ 13 ਸਾਲ ਦੀ ਉਮਰ ਵਿੱਚ ਹੀ ਨਸ਼ੇ, ਸਿਗਰਟਨੋਸ਼ੀ ਅਤੇ ਸ਼ਰਾਬ ਵਰਗੀਆਂ ਆਦਤਾਂ ਦਾ ਸ਼ਿਕਾਰ ਹੋ ਰਹੇ ਹਨ। ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ ਦੀ ਡਾਕਟਰ ਅੰਜੂ ਧਵਨ ਦੀ ਅਗਵਾਈ ਹੇਠ ਕੀਤੇ ਇਸ ਅਧਿਐਨ ਵਿੱਚ ਚੰਡੀਗੜ੍ਹ, ਦਿੱਲੀ, ਬੰਗਲੂਰੂ, ਮੁੰਬਈ ਅਤੇ ਲਖਨਊ ਸਮੇਤ 10 ਸ਼ਹਿਰਾਂ ਦੇ 5,920 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਹ ਡੇਟਾ ਮਈ 2018 ਤੋਂ ਜੂਨ 2019 ਦਰਮਿਆਨ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ 8ਵੀਂ, 9ਵੀਂ, 11ਵੀਂ ਅਤੇ 12ਵੀਂ ਜਮਾਤਾਂ ਤੋਂ ਇਕੱਤਰ ਕੀਤਾ ਗਿਆ। ਅੰਕੜੇ ਦੱਸਦੇ ਹਨ ਕਿ ਜਮਾਤ ਵਧਣ ਨਾਲ ਨਸ਼ੇ ਦੀ ਵਰਤੋਂ ਵੀ ਵਧਦੀ ਹੈ। ਸਰਵੇਖਣ ਮੁਤਾਬਕ ਕਿਸੇ ਵੀ ਨਸ਼ੇ ਦੀ ਸ਼ੁਰੂਆਤ ਕਰਨ ਦੀ ਔਸਤ ਉਮਰ 12.9 ਸਾਲ ਹੈ। ਇੱਥੋਂ ਤੱਕ ਕਿ ਸੁੰਘਣ ਵਾਲੇ ਨਸ਼ੇ ਦੀ ਵਰਤੋਂ 11.3 ਸਾਲ ਅਤੇ ਹੈਰੋਇਨ ਦੀ ਵਰਤੋਂ ਤਾਂ 12.3 ਸਾਲ ਦੀ ਉਮਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। 15.1 ਫ਼ੀਸਦ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਜੀਵਨ ਵਿੱਚ ਕਦੇ ਨਾ ਕਦੇ ਨਸ਼ਾ ਕੀਤਾ ਹੈ।
ਪਿਛਲੇ ਸਾਲ ਦੇ ਅੰਕੜਿਆਂ ਮੁਤਾਬਕ ਤੰਬਾਕੂ (4 ਫ਼ੀਸਦ) ਅਤੇ ਸ਼ਰਾਬ (3.8 ਫ਼ੀਸਦ) ਦੀ ਵਰਤੋਂ ਸਭ ਤੋਂ ਵੱਧ ਪਾਈ ਗਈ। ਇਸੇ ਤਰ੍ਹਾਂ ਦਰਦ ਰੋਕੂ ਦਵਾਈਆਂ (ਓਪੀਓਡਜ਼) ਦੀ ਦੁਰਵਰਤੋਂ 2.8 ਫੀਸਦ ਹੈ। ਚਿੰਤਾਜਨਕ ਗੱਲ ਇਹ ਹੈ ਕਿ ਅੱਧੇ ਦੇ ਕਰੀਬ ਵਿਦਿਆਰਥੀਆਂ (46.3 ਫ਼ੀਸਦ) ਨੇ ਮੰਨਿਆ ਕਿ ਉਨ੍ਹਾਂ ਦੀ ਉਮਰ ਦੇ ਬੱਚਿਆਂ ਲਈ ਤੰਬਾਕੂ ਅਤੇ ਸ਼ਰਾਬ (36.5 ਫ਼ੀਸਦ) ਆਸਾਨੀ ਨਾਲ ਉਪਲਬੱਧ ਹਨ। ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਦੇ ਪਰਿਵਾਰਕ ਮੈਂਬਰ ਜਾਂ ਦੋਸਤ ਨਸ਼ਾ ਕਰਦੇ ਹਨ, ਉਨ੍ਹਾਂ ਵਿੱਚ ਇਸ ਲਤ ਦਾ ਖਤਰਾ ਵਧੇਰੇ ਹੁੰਦਾ ਹੈ।
