ਵਿਦਿਆਰਥੀ ਵਿਦੇਸ਼ ਜਾਣ ਤੋਂ ਝਿਜਕਣ ਲੱਗੇ
ਅਪਲਾਈ ਬੋਰਡ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਵਿਦਿਆਰਥੀਆਂ ਵਿੱਚ ਪੜ੍ਹਾਈ ਕਰਨ ਲਈ ਵਿਦੇਸ਼ ਜਾਣ ਦੀ ਰੁਚੀ ਘਟ ਰਹੀ ਹੈ। ਕੈਨੇਡਾ, ਅਮਰੀਕਾ, ਯੂ ਕੇ ਅਤੇ ਆਸਟਰੇਲੀਆ ਵਿੱਚ ਵਧ ਰਹੀਆਂ ਟਿਊਸ਼ਨ ਫੀਸਾਂ, ਫੰਡਾਂ, ਅਤੇ ਹੋਰ ਖ਼ਰਚੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਮੁੜ ਵਿਚਾਰ ਕਰਨ ’ਤੇ ਮਜਬੂਰ ਕਰ ਰਹੇ ਹਨ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ, ਅਮਰੀਕਾ ਵਰਗੇ ਦੇਸ਼ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਲਿਆ ਰਹੇ ਹਨ, ਜਿਸ ਨਾਲ ਇਨ੍ਹਾਂ ਮੁਲਕਾਂ ਵਿੱਚ ਪੜ੍ਹਾਈ ਕਰਨਾ ਕਿਫ਼ਇਤੀ ਨਹੀਂ ਰਿਹਾ। ਪਿਛਲੇ ਕੁਝ ਵਰ੍ਹਿਆਂ ’ਚ ਹੀ ਖਰਚੇ ਦੁੱਗਣੇ ਹੋ ਗਏ ਹਨ। ਰਿਪੋਰਟ ਅਨੁਸਾਰ ਜਰਮਨੀ ਤੇ ਆਇਰਲੈਂਡ ਨੂੰ ਹੁਣ ਸਭ ਤੋਂ ਘੱਟ ਖਰਚੇ ਵਾਲੇ ਮੁਲਕਾਂ ਵਜੋਂ ਦੇਖਿਆ ਜਾ ਰਿਹਾ ਹੈ, ਜਿੱਥੇ ਪੜ੍ਹਾਈ ਕਰਨ ਲਈ ਟਿਊਸ਼ਨ ਫੀਸਾਂ ਦੀ ਦਰ ਘੱਟ ਹੈ। ਇਹ ਮੁਲਕ ਵਿਦਿਆਰਥੀਆਂ ਨੂੰ ਪੜ੍ਹਾਈ ਮਗਰੋਂ ਵਿਆਪਕ ਰੁਜ਼ਗਾਰ ਵੀ ਦੇ ਰਹੇ ਹਨ। ਫਰਾਂਸ ਤੇ ਸਪੇਨ ਜਾਣ ਲਈ ਵੀ ਬਹੁਤੀ ਖੱਜਲ-ਖੁਆਰੀ ਨਹੀਂ ਹੈ।
ਰਿਪੋਰਟ ਅਨੁਸਾਰ ਕੈਨੇਡਾ ਵਿੱਚ 2025 ਦੌਰਾਨ ਜਾਰੀ ਹੋਏ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ 54 ਫ਼ੀਸਦੀ ਘਟਣ ਦਾ ਖ਼ਦਸ਼ਾ ਹੈ, ਗ੍ਰੈਜੁਏਸ਼ਨ ਤੋਂ ਬਾਅਦ ਵਰਕ ਪਰਮਿਟ ਜਾਰੀ ਹੋਣ ਦੀ ਗਿਣਤੀ 30 ਫ਼ੀਸਦ ਤੱਕ ਘਟ ਸਕਦੀ ਹੈ। ਉੱਧਰ, ਜਰਮਨੀ ਨੇ 2024-25 ਸਮੈਸਟਰ ਵਿੱਚ 4 ਲੱਖ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਪਾਰ ਕਰ ਲਈ ਹੈ। ਫਰਾਂਸ 2030 ਤੱਕ 30 ਹਜ਼ਾਰ ਵਿਦਿਆਰਥੀਆਂ ਨੂੰ ਬੁਲਾਉਣ ਦੀ ਯੋਜਨਾ ਬਣਾ ਰਿਹਾ ਹੈ। ਦੱਖਣੀ ਕੋਰੀਆ ਅਤੇ ਯੂ ਏ ਈ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਤੇਜ਼ੀ ਨਾਲ ਵਧਾ ਰਹੇ ਹਨ।
