STAMPEDE Maha Kumbh: ਮਹਾਕੁੰਭ ’ਚ ਮੌਨੀ ਮੱਸਿਆ ਦੌਰਾਨ ਭਗਦੜ ਮਚੀ, ਕਾਰਨ ਜਾਨੀ ਨੁਕਸਾਨ ਦਾ ਖਦਸ਼ਾ, ਅਖਾੜਿਆਂ ਵੱਲੋਂ ਅੰਮ੍ਰਿਤ ਇਸ਼ਨਾਨ ਰੱਦ
ਮਹਾਕੁੰਭ ਨਗਰ, 29 ਜਨਵਰੀ
ਮਹਾਕੁੰਭ ਵਿੱਚ ਮੌਨੀ ਮੱਸਿਆ ਮੌਕੇ ਵੱਡੀ ਗਿਣਤੀ ਵਿੱਚ ਇਸ਼ਨਾਨ ਕਰਨ ਪੁੱਜੇ ਸ਼ਰਧਾਲੂਆਂ ਕਾਰਨ ਸਵੇਰੇ 2 ਵਜੇ ਦੇ ਕਰੀਬ ਉਥੇ ਭਗਦੜ ਵਰਗੇ ਹਾਲਾਤ ਬਣ ਗਏ ਜਿਸ ਕਾਰਨ ਕਈ ਮੌਤਾਂ ਹੋਣ ਦਾ ਖਦਸ਼ਾ ਹੈ। ਇਸ ਘਟਨਾ ਦੇ ਕਾਰਨ ਅਖਾੜਿਆਂ ਨੇ ਆਪਣੇ ਰਵਾਇਤੀ 'ਅੰਮ੍ਰਿਤ ਇਸ਼ਨਾਨ' ਨੂੰ ਰੱਦ ਕਰ ਦਿੱਤਾ, ਜਦੋਂ ਕਿ ਹਾਲੇ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਸੰਗਮ ਅਤੇ ਮੇਲਾ ਖੇਤਰ ਦੇ ਹੋਰ ਘਾਟਾਂ ’ਤੇ ਇਸ਼ਨਾਨ ਲਈ ਪਹੁੰਚ ਰਹੇ ਸਨ।
ਮੇਲੇ ਦੇ ਲਈ ਵਿਸ਼ੇਸ਼ ਡਿਊਟੀ ਅਧਿਕਾਰੀ ਅਕਾਕਸ਼ਾ ਰਾਣਾ ਨੇ ਕਿਹਾ ਕਿ ਸੰਗਮ ’ਤੇ ਇਕ ਬੈਰੀਅਰ ਟੁੱਟਣ ਕਾਰਨ ਕਈ ਲੋਕ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।
ਉਧਰ ਇਸ ਘਟਨਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਆਨਾਥ ਨਾਲ ਫੋਨ 'ਤੇ ਗੱਲ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ।
ਜ਼ਿਕਰਯੋਗ ਹੈ ਕਿ ਮੌਨੀ ਮੱਸਿਆ ਦਾ ਅੰਮ੍ਰਿਤ ਇਸ਼ਨਾਨ ਮਹਾਕੁੰਭ ਦੀ ਸਭ ਤੋਂ ਮਹੱਤਵਪੂਰਨ ਰਿਵਾਇਤ ਹੈ ਅਤੇ ਇਸ ਦੌਰਾਨ ਲਗਭਗ 10 ਕਰੋੜ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਇੱਕ ਸ਼ਰਧਾਲੂ ਨੇ ਕਿਹਾ, ’’ਅਸੀਂ 60 ਲੋਕਾਂ ਦੇ ਸਮੂਹ ਵਿੱਚ ਦੋ ਬੱਸਾਂ ਰਾਹੀਂ ਆਏ ਸੀ। ਅਚਾਨਕ ਭੀੜ ਵਿੱਚ ਧੱਕੇ ਲੱਗੇ ਅਤੇ ਅਸੀਂ ਫਸ ਗਏ ਬਹੁਤ ਸਾਰੇ ਲੋਕ ਡਿੱਗ ਗਏ ਅਤੇ ਭੀੜ ਬੇਕਾਬੂ ਹੋ ਗਈ।’’
ਅਖਿਲ ਭਾਰਤੀ ਅਖ਼ਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਰਵਿੰਦਰ ਪੁਰੀ ਨੇ ਕਿਹਾ ਕਿ ਅਸੀਂ ਅੰਮ੍ਰਿਤ ਇਸ਼ਨਾਨ ਲਈ ਤਿਆਰ ਸੀ ਪਰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਸਾਡੇ ਸਾਰੇ ਸੰਤਾਂ ਨੇ ਮੌਨੀ ਮੱਸਿਆ ’ਤੇ ਇਸ਼ਨਾਨ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਪੀਟੀਆਈ