ਸ੍ਰੀਲੰਕਾ: ਜਲ ਸੈਨਾ ਵੱਲੋਂ 47 ਭਾਰਤੀ ਮਛੇਰੇ ਗ੍ਰਿਫ਼ਤਾਰ
ਉੱਤਰੀ ਸ੍ਰੀਲੰਕਾ ਦੇ ਤਲਾਈਮੰਨਾਰ (Talaimannar) ਵਿੱਚ ਵੀਰਵਾਰ ਨੂੰ 47 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਪੰਜ ਟ੍ਰਾਲਰ ਕਿਸ਼ਤੀਆਂ ਜ਼ਬਤ ਕਰ ਲਈਆਂ ਗਈਆਂ। ਉਨ੍ਹਾਂ ’ਤੇ ਟਾਪੂ ਦੇਸ਼ ਦੇ ਪਾਣੀਆਂ ਵਿੱਚ ਗੈਰ-ਕਾਨੂੰਨੀ ਮੱਛੀ ਫੜਨ ਦਾ ਦੋਸ਼ ਹੈ।
ਇਹ ਗ੍ਰਿਫ਼ਤਾਰੀਆਂ ਮੰਨਾਰ ਅਤੇ ਡੇਲਫਟ (Mannar and Delft) ਸਮੁੰਦਰੀ ਖੇਤਰਾਂ ਵਿੱਚ ਕੀਤੇ ਗਏ ਤਾਲਮੇਲ ਗਸ਼ਤ ਦੌਰਾਨ ਕੀਤੀਆਂ ਗਈਆਂ।
ਜਲ ਸੈਨਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 47 ਮਛੇਰਿਆਂ ਅਤੇ ਉਨ੍ਹਾਂ ਦੇ ਸਾਜ਼ੋ-ਸਾਮਾਨ ਨੂੰ ਅਗਲੇਰੀ ਕਾਰਵਾਈ ਲਈ ਉੱਤਰੀ ਖੇਤਰ ਵਿੱਚ ਮੱਛੀ ਪਾਲਣ ਨਿਰੀਖਣ ਦਫ਼ਤਰ (fisheries inspectorate) ਨੂੰ ਸੌਂਪ ਦਿੱਤਾ ਜਾਵੇਗਾ।
ਜਲ ਸੈਨਾ ਦੇ ਬੁਲਾਰੇ ਕਮਾਂਡਰ ਬੁੱਧਿਕਾ ਸੰਪਥ (Commander Buddika Sampath) ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਜਲ ਸੈਨਾ ਦੀ ਕਾਰਵਾਈ ਬੀਤੀ ਦੇਰ ਰਾਤ ਸ਼ੁਰੂ ਹੋਈ ਅਤੇ ਵੀਰਵਾਰ ਦੀ ਸਵੇਰ ਤੱਕ ਜਾਰੀ ਰਹੀ।
ਮਛੇਰਿਆਂ ਦਾ ਮੁੱਦਾ ਭਾਰਤ-ਸ੍ਰੀਲੰਕਾ ਦੁਵੱਲੇ ਸਬੰਧਾਂ ਵਿੱਚ ਇੱਕ ਵਿਵਾਦਪੂਰਨ ਮੁੱਦਾ ਬਣਿਆ ਹੋਇਆ ਹੈ। ਕਥਿਤ ਤੌਰ ’ਤੇ ਕਈ ਘਟਨਾਵਾਂ ਵਿੱਚ ਸ੍ਰੀਲੰਕਾਈ ਜਲ ਸੈਨਾ ਦੇ ਕਰਮਚਾਰੀਆਂ ਨੇ ਪਾਕ ਜਲਡਮਰੂਮੱਧ (Palk Strait) ਵਿੱਚ ਭਾਰਤੀ ਮਛੇਰਿਆਂ ’ਤੇ ਗੋਲੀਬਾਰੀ ਕੀਤੀ ਹੈ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਜ਼ਬਤ ਕੀਤੀਆਂ ਹਨ, ਜਦੋਂ ਉਹ ਗੈਰ-ਕਾਨੂੰਨੀ ਤੌਰ 'ਤੇ ਸ੍ਰੀਲੰਕਾਈ ਖੇਤਰੀ ਪਾਣੀਆਂ ਵਿੱਚ ਦਾਖਲ ਹੋਏ ਹੁੰਦੇ ਹਨ।
ਪਿਛਲੇ ਮਹੀਨੇ ਉੱਤਰੀ ਸ੍ਰੀਲੰਕਾ ਦੇ ਜਾਫਨਾ ਨੇੜੇ 12 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕੀਤੀ ਗਈ ਸੀ। -ਪੀਟੀਆਈ