ਖੇਡ ਮੰਤਰਾਲੇ ਨੇ ਕੌਮੀ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ
ਆਨਲਾਈਨ ਰਾਹੀਂ 28 ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ
Advertisement
ਖੇਡ ਮੰਤਰਾਲੇ ਨੇ ਇਸ ਸਾਲ ਦੇ ਵੱਕਾਰੀ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗਣ ਦੀ ਪ੍ਰਕਿਰਿਆ ਅੱਜ ਸ਼ੁਰੂ ਕਰ ਦਿੱਤੀ ਹੈ। ਯੋਗ ਖਿਡਾਰੀ, ਕੋਚ ਅਤੇ ਹੋਰ ਸਬੰਧਤ ਸੰਸਥਾਵਾਂ 28 ਅਕਤੂਬਰ ਤੱਕ ਆਨਲਾਈਨ ਅਪਲਾਈ ਕਰ ਸਕਦੀਆਂ ਹਨ। ਇਹ ਪੁਰਸਕਾਰ ਹਰ ਸਾਲ ਰਾਸ਼ਟਰਪਤੀ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਦਿੱਤੇ ਜਾਂਦੇ ਹਨ ਪਰ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੇ ਸਮਾਗਮ ਦੀ ਤਰੀਕ ਹਾਲੇ ਤੈਅ ਨਹੀਂ ਹੋਈ ਹੈ।ਡੋਪਿੰਗ ਮਾਮਲਿਆਂ ਵਿੱਚ ਸਜ਼ਾ ਕੱਟ ਚੁੱਕੇ ਖਿਡਾਰੀ ਪੁਰਸਕਾਰ ਲਈ ਤਾਂ ਹੀ ਯੋਗ ਹੋਣਗੇ ਜੇ ਉਨ੍ਹਾਂ ਦੀ ਸਜ਼ਾ ਦੀ ਮਿਆਦ ਪੂਰੀ ਹੋ ਚੁੱਕੀ ਹੋਵੇ। ਮੰਤਰਾਲੇ ਨੇ ਕਿਹਾ ਕਿ ਪਾਬੰਦੀ ਦੌਰਾਨ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਪੁਰਸਕਾਰ ਲਈ ਨਹੀਂ ਗਿਣਿਆ ਜਾਵੇਗਾ। ਇਸ ਤੋਂ ਇਲਾਵਾ ਜਿਨ੍ਹਾਂ ਖਿਡਾਰੀਆਂ ਖ਼ਿਲਾਫ਼ ਕੋਈ ਜਾਂਚ ਚੱਲ ਰਹੀ ਹੈ, ਉਹ ਵੀ ਪੁਰਸਕਾਰ ਦੇ ਯੋਗ ਨਹੀਂ ਹੋਣਗੇ। ਅਰਜ਼ੀਆਂ ਦੀ ਜਾਂਚ ਭਾਰਤੀ ਖੇਡ ਅਥਾਰਿਟੀ (ਸਾਈ) ਅਤੇ ਖੇਡ ਮੰਤਰਾਲੇ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਤਹਿਤ 25 ਲੱਖ ਰੁਪਏ, ਤਗ਼ਮਾ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਅਰਜੁਨ ਪੁਰਸਕਾਰ ਜੇਤੂਆਂ ਨੂੰ 15 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੁਰਸਕਾਰਾਂ ਲਈ ਪਹਿਲੀ ਜਨਵਰੀ 2021 ਤੋਂ 31 ਦਸੰਬਰ 2024 ਤੱਕ ਦੇ ਪ੍ਰਦਰਸ਼ਨ ’ਤੇ ਵਿਚਾਰ ਕੀਤਾ ਜਾਵੇਗਾ। ਇਸ ਮਿਆਦ ਦੌਰਾਨ ਓਲੰਪਿਕ, ਪੈਰਾਲੰਪਿਕ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਵਿਸ਼ਵ ਕੱਪ ਅਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਆਧਾਰ ਬਣਾਇਆ ਜਾਵੇਗਾ।
Advertisement
Advertisement