ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਲੋਕਾਂ ਨੂੰ ਦਰੜਿਆ; 5 ਮੌਤਾਂ, 2 ਜ਼ਖ਼ਮੀ
ਇੱਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਚੱਲ ਰਹੇ ਲੋਕਾਂ ਨੂੰ ਦਰੜ ਦਿੱਤਾ, ਜਿਸ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ।
ਸਹਾਇਕ ਪੁਲੀਸ ਕਮਿਸ਼ਨਰ (ACP) ਸ਼ੇਸ਼ ਮਣੀ ਉਪਾਧਿਆਏ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਪੰਜ ਗੰਭੀਰ ਜ਼ਖ਼ਮੀ ਵਿਅਕਤੀਆਂ ਨੂੰ ਸਰੋਜਨੀ ਨਾਇਡੂ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸਾਰਿਆਂ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕਾਂ ਦੀ ਪਛਾਣ ਬਬਲੀ (33), ਭਾਨੂ ਪ੍ਰਤਾਪ (25), ਕਮਲ (23), ਕ੍ਰਿਸ਼ਨ (20), ਅਤੇ ਬੰਤੇਸ਼ (21) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਭਾਨੂ ਪ੍ਰਤਾਪ ਇੱਕ ਨਿੱਜੀ ਕੰਪਨੀ ਵਿੱਚ ਪਾਰਸਲ ਡਿਲੀਵਰੀ ਏਜੰਟ ਵਜੋਂ ਕੰਮ ਕਰਦਾ ਸੀ।
ਇਹ ਹਾਦਸਾ ਸੈਂਟਰਲ ਹਿੰਦੀ ਇੰਸਟੀਚਿਊਟ ਤੋਂ ਅੱਗੇ, ਨਿਊ ਆਗਰਾ ਪੁਲਿਸ ਥਾਣਾ ਖੇਤਰ ਦੇ ਨਗਲਾ ਬੁੱਧੀ ਨੇੜੇ ਵਾਪਰਿਆ।
ਚਸ਼ਮਦੀਦਾਂ ਅਨੁਸਾਰ ਕਾਰ ਤੇਜ਼ ਰਫ਼ਤਾਰ ’ਤੇ ਸੀ ਅਤੇ ਰੋਡ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਦਰੜ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਸੱਤ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਪੰਜ ਦੀ ਮੌਤ ਹੋ ਗਈ ਜਦੋਂ ਕਿ ਰਾਹੁਲ ਅਤੇ ਗੋਲੂ ਦਾ ਇਲਾਜ ਚੱਲ ਰਿਹਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਗੱਡੀ ਜ਼ਬਤ ਕਰ ਲਈ ਗਈ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਡਰਾਈਵਰ ਸ਼ਰਾਬ ਦੇ ਪ੍ਰਭਾਵ ਹੇਠ ਸੀ ਜਾਂ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ।
