ਪੰਜਾਬ ਵਿਧਾਨ ਸਭਾ ਦਾ ਹੜ੍ਹਾਂ ਬਾਰੇ ਵਿਸ਼ੇਸ਼ ਸੈਸ਼ਨ ਅੱਜ ਤੋਂ
ਪੰਜਾਬ ਵਿਧਾਨ ਸਭਾ ਦਾ ਹੜ੍ਹਾਂ ਬਾਰੇ ਵਿਸ਼ੇਸ਼ ਸੈਸ਼ਨ ਭਲਕੇ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ ਜੋ 29 ਸਤੰਬਰ ਤੱਕ ਚੱਲੇਗਾ। ਇਜਲਾਸ ਦੌਰਾਨ ਸੂਬੇ ’ਚ ਭਿਆਨਕ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਲੈ ਕੇ ਹੰਗਾਮਾ ਹੋਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਪੁਨਰਵਾਸ ਦੇ ਮਾਮਲੇ ’ਤੇ ਵਿਚਾਰ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਇਜਲਾਸ ਸਵੇਰੇ 11 ਵਜੇ ਸ਼ੁਰੂ ਹੋਵੇਗਾ ਅਤੇ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਹੜ੍ਹਾਂ ਦੇ ਮਾਮਲੇ ’ਤੇ ਵਿਚਾਰ ਚਰਚਾ ਸ਼ੁਰੂ ਹੋਵੇਗੀ। ਹੜ੍ਹਾਂ ਕਾਰਨ ਦਰਜਨਾਂ ਜ਼ਿਲ੍ਹਿਆਂ ’ਚ ਪਈ ਮਾਰ ਅਤੇ ਸਰਕਾਰੀ ਤੇ ਗੈਰ-ਸਰਕਾਰੀ ਪੱਧਰ ’ਤੇ ਹੋਏ ਜਾਨੀ ਤੇ ਮਾਲੀ ਨੁਕਸਾਨ ਤੋਂ ਇਲਾਵਾ ਮੁੜ ਵਸੇਬੇ ਲਈ ਸਰਕਾਰ ਦੀ ਭੂਮਿਕਾ ’ਤੇ ਵੀ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜ੍ਹਾਂ ਦੇ ਕਾਰਨਾਂ ਅਤੇ ਸਰਕਾਰ ਵੱਲੋਂ ਬਚਾਅ ਤੇ ਰਾਹਤ ਦੇ ਕੀਤੇ ਗਏ ਕੰਮਾਂ ਨੂੰ ਲੈ ਕੇ ਪੱਖ ਰੱਖਿਆ ਜਾਵੇਗਾ। ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਨਿਰੋਲ ਹੜ੍ਹਾਂ ਬਾਰੇ ਚਰਚਾ ਲਈ ਸੈਸ਼ਨ ਹੋ ਰਿਹਾ ਹੈ। ਹੜ੍ਹਾਂ ਦੀ ਤਬਾਹੀ ਕਾਰਨ ਸੱਤਾਧਾਰੀ ਧਿਰ ਨੂੰ ਧਰਾਤਲ ’ਤੇ ਲੋਕਾਂ ਦੀ ਨਾਰਾਜ਼ਗੀ ਨੂੰ ਝੱਲਣਾ ਪਿਆ ਹੈ ਜਿਸ ਕਾਰਨ ਰਾਹਤ ਕਾਰਜਾਂ ਲਈ ਸਰਕਾਰ ਨੇ ਸਾਰੀ ਤਾਕਤ ਝੋਕੀ ਰੱਖੀ। ਸੱਤਾਧਾਰੀ ਧਿਰ ਹੜ੍ਹਾਂ ਦਰਮਿਆਨ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਬੋਲਣ ਦਾ ਮੌਕਾ ਦੇਵੇਗੀ। ਸੈਸ਼ਨ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿਧਾਇਕਾਂ ਨੂੰ ਬੋਲਣ ਦੀ ਵੀ ਤਰਜੀਹ ਮਿਲੇਗੀ। ਅੱਜ ਪੂਰਾ ਦਿਨ ਸੱਤਾਧਾਰੀ ਧਿਰ ਹੜ੍ਹਾਂ ਦੇ ਮਾਮਲੇ ਨੂੰ ਲੈ ਕੇ ਹੋਮ ਵਰਕ ’ਚ ਰੁੱਝੀ ਰਹੀ। ਹਾਕਮ ਧਿਰ ਵੱਲੋਂ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਏ ਜਾਣ ਦੀ ਸੰਭਾਵਨਾ ਹੈ ਅਤੇ ਖ਼ਾਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਨੂੰ 1600 ਕਰੋੜ ਦੇ ਦਿੱਤੇ ਰਾਹਤ ਪੈਕੇਜ ਨੂੰ ਲੈ ਕੇ ਉਸ ਦੀ ਭੂਮਿਕਾ ’ਤੇ ਸੁਆਲ ਚੁੱਕੇ ਜਾਣਗੇ। ਸੱਤਾਧਾਰੀ ਧਿਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ ਕਿ ਕਿਵੇਂ ਔਖ ਦੀ ਘੜੀ ’ਚ ਮਾਲੀ ਸੰਕਟ ਦੇ ਬਾਵਜੂਦ ਸਰਕਾਰ ਨੇ ਵਸੀਲੇ ਜੁਟਾਉਣ ਲਈ ਯਤਨ ਕੀਤੇ। ਰੰਗਲਾ ਪੰਜਾਬ ਸੁਸਾਇਟੀ ਤਹਿਤ ਰਾਹਤ ਫ਼ੰਡ ਇਕੱਠੇ ਕੀਤੇ ਜਾਣ ਦੇ ਉਪਰਾਲੇ ਦਾ ਜ਼ਿਕਰ ਵੀ ਹੋਵੇਗਾ। ਸਰਕਾਰ ਫ਼ਸਲੀ ਮੁਆਵਜ਼ਾ ਰਾਸ਼ੀ ਵਧਾ ਕੇ 20 ਹਜ਼ਾਰ ਰੁਪਏ ਪ੍ਰਤੀ ਏਕੜ ਕਰਨ ਅਤੇ ਬਾਕੀ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ’ਚ ਕੀਤੇ ਵਾਧੇ ਦੀ ਗੱਲ ਵੀ ਰੱਖੇਗੀ।
ਦੂਜੇ ਪਾਸੇ ਵਿਰੋਧੀ ਧਿਰ ਕਾਂਗਰਸ ਨੇ ਸਰਕਾਰ ਨੂੰ ਹੜ੍ਹਾਂ ਦੇ ਮੁੱਦੇ ’ਤੇ ਘੇਰਨ ਲਈ ਪੂਰੀ ਤਿਆਰੀ ਕਰ ਲਈ ਹੈ। ਵਿਰੋਧੀ ਧਿਰ ਮਾਧੋਪੁਰ ਬੈਰਾਜ ਦੇ ਫਲੱਡ ਗੇਟ ਟੁੱਟਣ ਦੇ ਮਾਮਲੇ ਨੂੰ ਉਛਾਲੇਗੀ ਅਤੇ 12 ਹਜ਼ਾਰ ਕਰੋੜ ਦੇ ਰਾਹਤ ਫ਼ੰਡਾਂ ਦਾ ਹਿਸਾਬ-ਕਿਤਾਬ ਮੰਗੇਗੀ। ਕਾਂਗਰਸ ਵੱਲੋਂ ਡੀ-ਸਿਲਟਿੰਗ ਨਾ ਕੀਤੇ ਜਾਣ ਅਤੇ ਮਾਈਨਿੰਗ ਦੇ ਮੁੱਦੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ ਜਾਵੇਗਾ। ਡੈਮਾਂ ਅਤੇ ਡਰੇਨਾਂ ਦੀ ਸਫ਼ਾਈ ਦਾ ਮੁੱਦਾ ਵੀ ਉਭਰੇਗਾ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੂੰ ਵਿਰੋਧੀ ਘੇਰਨ ਦੀ ਕੋਸ਼ਿਸ਼ ਕਰਨਗੇ।
ਹਾਕਮ ਧਿਰ ਵੱਲੋਂ ਹੜ੍ਹਾਂ ਨੂੰ ਲੈ ਕੇ ਪੁਰਾਣੀਆਂ ਸਰਕਾਰਾਂ ਦੀ ਭੂਮਿਕਾ ’ਤੇ ਸੂਈ ਰੱਖੀ ਜਾਵੇਗੀ। ਸੱਤਾਧਾਰੀ ਧਿਰ ਦੇ ਮੈਂਬਰ ਸੈਸ਼ਨ ਦੌਰਾਨ ਐਤਕੀਂ ਮੀਂਹ ਜ਼ਿਆਦਾ ਪੈਣ ਦਾ ਹਵਾਲਾ ਦੇ ਸਕਦੇ ਹਨ ਜੋ ਕਿ ਹੜ੍ਹਾਂ ਦਾ ਕਾਰਨ ਬਣੇ। ਹਾਕਮ ਧਿਰ ਘੱਗਰ ਦੇ ਮਾਮਲੇ ਨੂੰ ਵੀ ਉਭਾਰ ਸਕਦੀ ਹੈ। ਘੱਗਰ ਦੀ ਤਬਾਹੀ ਤੋਂ ਐਤਕੀਂ ਸੰਗਰੂਰ, ਪਟਿਆਲਾ ਅਤੇ ਮਾਨਸਾ ਦੇ ਸਰਦੂਲਗੜ੍ਹ ਇਲਾਕਿਆਂ ਦਾ ਬਚਾਅ ਰਿਹਾ ਜਦੋਂ ਕਿ ਟਾਂਗਰੀ ਅਤੇ ਮਾਰਕੰਡਾ ਦੇ ਪਾਣੀ ਨੇ ਘੱਗਰ ਨੂੰ ਨੱਕੋ-ਨੱਕ ਭਰੀ ਰੱਖਿਆ।
ਡੱਬੀ
ਬੀ ਬੀ ਐੱਮ ਬੀ ਦੀ ਭੂਮਿਕਾ ’ਤੇ ਵੀ ਹੋਵੇਗੀ ਚਰਚਾ
ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ (ਬੀ ਬੀ ਐੱਮ ਬੀ) ਭੂਮਿਕਾ ’ਤੇ ਵੀ ਚਰਚਾ ਹੋਵੇਗੀ। ਵਿਰੋਧੀ ਧਿਰ ਪੂਰਾ ਤਾਣ ਪੰਜਾਬ ਸਰਕਾਰ ਨੂੰ ਘੇਰਨ ’ਤੇ ਲਾਵੇਗੀ ਜਦੋਂ ਕਿ ਹਾਕਮ ਧਿਰ ਬੀ ਬੀ ਐੱਮ ਬੀ ਦੀ ਕਾਰਗੁਜ਼ਾਰੀ ਨੂੰ ਉਜਾਗਰ ਕਰੇਗੀ। ਹਰਿਆਣਾ ਤੇ ਰਾਜਸਥਾਨ ਵੱਲੋਂ ਹੜ੍ਹਾਂ ਦੇ ਦਿਨਾਂ ’ਚ ਆਪੋ ਆਪਣੀਆਂ ਨਹਿਰਾਂ ’ਚ ਪਾਣੀ ਦੀ ਮੰਗ ਘਟਾ ਦਿੱਤੇ ਜਾਣ ਨੂੰ ਲੈ ਕੇ ਗੁਆਂਢੀ ਸੂਬੇ ਸੱਤਾਧਾਰੀ ਧਿਰ ਦੇ ਨਿਸ਼ਾਨੇ ’ਤੇ ਰਹਿਣਗੇ।