ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਤੇ ਅਮਰੀਕਾ ਵਿਚਾਲੇ ਖ਼ਾਸ ਸਬੰਧ, ਫ਼ਿਕਰ ਦੀ ਗੱਲ ਨਹੀਂ: ਟਰੰਪ

ਮੋਦੀ ਨੂੰ ਦੋਸਤ ਮੰਨਿਆ ਪਰ ਕੰਮ ਪਸੰਦ ਨਹੀਂ; ਰੂਸ ਤੋਂ ਤੇਲ ਦੀ ਖਰੀਦ ਕਾਰਨ ਨਿਰਾਸ਼
Advertisement

ਟੈਰਿਫ ਤੇ ਰੂਸ ਤੋਂ ਤੇਲ ਖਰੀਦ ਕਾਰਨ ਅਮਰੀਕਾ ਤੇ ਭਾਰਤ ਵਿਚਾਲੇ ਪੈਦਾ ਹੋਏ ਤਣਾਅ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ‘ਖਾਸ ਸਬੰਧ’ ਹਨ ਤੇ ਚਿੰਤਾ ਦੀ ਕੋਈ ਗੱਲ ਨਹੀਂ ਹੈ, ਬੱਸ ‘ਕਦੀ-ਕਦੀ ਕੁਝ ਅਜਿਹੇ ਪਲ ਆ ਜਾਂਦੇ ਹਨ।’

ਟਰੰਪ ਨੇ ਵ੍ਹਾਈਟ ਹਾਊਸ ’ਚ ਆਪਣੇ ਦਫ਼ਤਰ ‘ਓਵਲ ਆਫਿਸ’ ’ਚ ਕਿਹਾ, ‘ਮੈਂ ਹਮੇਸ਼ਾ (ਨਰਿੰਦਰ) ਮੋਦੀ ਦਾ ਦੋਸਤ ਰਹਾਂਗਾ। ਉਹ ਸ਼ਾਨਦਾਰ ਪ੍ਰਧਾਨ ਮੰਤਰੀ ਹਨ, ਮੈਨੂੰ ਇਸ ਸਮੇਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮ ਪਸੰਦ ਨਹੀਂ ਆ ਰਹੇ ਪਰ ਭਾਰਤ ਤੇ ਅਮਰੀਕਾ ਵਿਚਾਲੇ ਖਾਸ ਸਬੰਧ ਹਨ, ਚਿੰਤਾ ਦੀ ਕੋਈ ਗੱਲ ਨਹੀਂ ਹੈ। ਬੱਸ ਕਦੀ-ਕਦੀ ਕੁਝ ਅਜਿਹੇ ਪਲ ਆ ਜਾਂਦੇ ਹਨ।’ ਰਾਸ਼ਟਰਪਤੀ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਉਹ ਭਾਰਤ ਨਾਲ ਸਬੰਧਾਂ ਨੂੰ ਮੁੜ ਤੋਂ ਸੁਧਾਰਨ ਲਈ ਤਿਆਰ ਹਨ ਕਿਉਂਕਿ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਪਿਛਲੇ ਦਹਾਕਿਆਂ ’ਚ ਸੰਭਵ ਹੈ ਸਭ ਤੋਂ ਖਰਾਬ ਦੌਰ ’ਚੋਂ ਲੰਘ ਰਹੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਹ ਇਸ ਗੱਲ ਤੋਂ ‘ਬਹੁਤ ਨਿਰਾਸ਼’ ਹਨ ਕਿ ਭਾਰਤ, ਰੂਸ ਤੋਂ ਇੰਨਾ ਜ਼ਿਆਦਾ ਤੇਲ ਖਰੀਦ ਰਿਹਾ ਹੈ।

Advertisement

ਟਰੰਪ ਨੇ ਸੋਸ਼ਲ ਮੀਡੀਆ ’ਤੇ ਸਵਾਲ ਦੇ ਜਵਾਬ ’ਚ ਕਿਹਾ, ‘ਮੈਨੂੰ ਇਸ ਗੱਲ ਤੋਂ ਬਹੁਤ ਨਿਰਾਸ਼ ਹਾਂ ਕਿ ਭਾਰਤ ਰੂਸ ਤੋਂ ਇੰਨਾ ਤੇਲ ਖਰੀਦ ਰਿਹਾ ਹੈ ਅਤੇ ਮੈਂ ਉਨ੍ਹਾਂ ਨੂੰ ਇਹ ਦੱਸ ਦਿੱਤਾ ਹੈ। ਅਸੀਂ ਭਾਰਤ ’ਤੇ ਬਹੁਤ ਜ਼ਿਆਦਾ ਟੈਕਸ ਲਾਇਆ ਹੈ। 50 ਫੀਸਦ ਟੈਕਸ, ਬਹੁਤ ਜ਼ਿਆਦਾ ਟੈਕਸ। ਮੇਰੇ (ਪ੍ਰਧਾਨ ਮੰਤਰੀ) ਮੋਦੀ ਨਾਲ ਬਹੁਤ ਚੰਗੇ ਰਿਸ਼ਤੇ ਹਨ। ਉਹ ਕੁਝ ਮਹੀਨੇ ਪਹਿਲਾਂ ਇੱਥੇ ਆਏ ਸਨ।’ ਭਾਰਤ ਤੇ ਹੋਰ ਮੁਲਕਾਂ ਨਾਲ ਜਾਰੀ ਵਪਾਰ ਵਾਰਤਾ ਬਾਰੇ ਉਨ੍ਹਾਂ ਕਿਹਾ, ‘ਉਹ ਬਹੁਤ ਚੰਗੀ ਚੱਲ ਰਹੀ ਹੈ। ਹੋਰ ਦੇਸ਼ ਵੀ ਚੰਗਾ ਕਰ ਰਹੇ ਹਨ। ਅਸੀਂ ਉਨ੍ਹਾਂ ਸਾਰਿਆਂ ਨਾਲ ਚੰਗਾ ਕਰ ਰਹੇ ਹਾਂ। ਅਸੀਂ ਯੂਰਪੀ ਯੂਨੀਅਨ ਤੋਂ ਨਾਰਾਜ਼ ਹਾਂ ਕਿਉਂਕਿ ਸਿਰਫ਼ ਗੂਗਲ ਨਾਲ ਹੀ ਨਹੀਂ ਸਗੋਂ ਸਾਡੀਆਂ ਸਾਰੀਆਂ ਵੱਡੀਆਂ ਕੰਪਨੀਆਂ ਨਾਲ ਜੋ ਹੋ ਰਿਹਾ ਹੈ, ਉਸ ਤੋਂ ਅਸੀਂ ਨਾਰਾਜ਼ ਹਾਂ।

 

ਭਾਰਤ ਸੱਚਾਈ ਦਾ ਸਾਹਮਣਾ ਨਹੀਂ ਕਰਦਾ: ਨਵਾਰੋ

ਟਰੰਪ ਪ੍ਰਸ਼ਾਸਨ ਦੇ ਵਪਾਰ ਤੇ ਨਿਰਮਾਣ ਮਾਮਲਿਆਂ ਬਾਰੇ ਸੀਨੀਅਰ ਸਲਾਹਕਾਰ ਪੀਟਰ ਨਵਾਰੋ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਭਾਰਤ ਦੇ ਉੱਚੇ ਟੈਕਸ ਕਾਰਨ ਅਮਰੀਕੀ ਨੌਕਰੀਆਂ ’ਤੇ ਅਸਰ ਪੈ ਰਿਹਾ ਹੈ। ਨਵਾਰੋ ਨੇ ਕਿਹਾ, ‘ਭਾਰਤ, ਰੂਸ ਤੋਂ ਤੇਲ ਸਿਰਫ਼ ਮੁਨਾਫਾ ਕਮਾਉਣ ਲਈ ਖਰੀਦਦਾ ਹੈ। ਇਸ ਮੁਨਾਫੇ ਨਾਲ ਰੂਸ ਦੀ ਜੰਗੀ ਸਮਰੱਥਾ ਨੂੰ ਤਾਕਤ ਮਿਲਦੀ ਹੈ। ਯੂਕਰੇਨੀ ਤੇ ਰੂਸੀ ਲੋਕ ਮਾਰੇ ਜਾ ਰਹੇ ਹਨ। ਅਮਰੀਕੀ ਟੈਕਸ ਭਰਨ ਵਾਲੇ ਇਸ ਦੀ ਕੀਮਤ ਚੁਕਾ ਰਹੇ ਹਨ। ਭਾਰਤ ਸੱਚਾਈ ਦਾ ਸਾਹਮਣਾ ਨਹੀਂ ਕਰ ਸਕਦਾ, ਬਸ ਬਹਾਨੇਬਾਜ਼ੀ ਕਰਦਾ ਹੈ।’ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਆਰਥਿਕ ਸਲਾਹਕਾਰ ਕੇਵਿਨ ਹੈਸੇਟ ਨੇ ਭਾਰਤ ਬਾਰੇ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ ਡੋਨਲਡ ਟਰੰਪ ਤੇ ਉਨ੍ਹਾਂ ਦੀ ਵਪਾਰਕ ਟੀਮ ਇਸ ਗੱਲ ਤੋਂ ਨਿਰਾਸ਼ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਰੂਸ-ਯੂਕਰੇਨ ਜੰਗ ਨੂੰ ਅਸਿੱਧੇ ਢੰਗ ਨਾਲ ਆਰਥਿਕ ਮਦਦ ਪਹੁੰਚਾ ਰਿਹਾ ਹੈ।

ਮੈਂ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਭਾਰਤ-ਅਮਰੀਕਾ ਸਬੰਧਾਂ ਦੇ ‘ਸਕਾਰਾਤਮਕ’ ਮੁਲਾਂਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸ਼ਲਾਘਾ ਕਰਦੇ ਹਨ। ਟਰੰਪ ਦੀ ਟਿੱਪਣੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਖਤਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਮੋਦੀ ਨੇ ਐਕਸ ’ਤੇ ਕਿਹਾ, ‘ਰਾਸ਼ਟਰਪਤੀ ਟਰੰਪ ਦੀਆਂ ਭਾਵਨਾਵਾਂ ਤੇ ਸਾਡੇ ਸਬੰਧਾਂ ਨੂੰ ਲੈ ਕੇ ਉਨ੍ਹਾਂ ਦੀ ਸਕਾਰਾਮਕ ਸੋਚ ਦੀ ਸ਼ਲਾਘਾ ਕਰਦੇ ਹਾਂ ਅਤੇ ਉਸ ਦੀ ਪੂਰੀ ਤਰ੍ਹਾਂ ਹਮਾਇਤ ਕਰਦੇ ਹਾਂ।’ ਉਨ੍ਹਾਂ ਕਿਹਾ, ‘ਭਾਰਤ ਤੇ ਅਮਰੀਕਾ ਵਿਚਾਲੇ ਬਹੁਤ ਸਕਾਰਾਤਮਕ, ਦੂਰਦਰਸ਼ੀ, ਵਿਆਪਕ ਤੇ ਆਲਮੀ ਰਣਨੀਤਕ ਭਾਈਵਾਲੀ ਹੈ।’ ਦੋਵਾਂ ਆਗੂਆਂ ਨੇ 17 ਜੂਨ ਨੂੰ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਪਹਿਲੀ ਵਾਰ ਇੱਕ-ਦੂਜੇ ਬਾਰੇ ਬਿਆਨ ਦਿੱਤੇ ਹਨ। ਭਾਰਤੀ ਵਸਤਾਂ ’ਤੇ 50 ਫੀਸਦ ਟੈਕਸ ਲਾਉਣ ਦੇ ਟਰੰਪ ਦੇ ਫ਼ੈਸਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਸੀ। ਇਸ ’ਚੋਂ 25 ਫੀਸਦ ਟੈਕਸ ਰੂਸ ਤੋਂ ਕੱਚਾ ਤੇਲ ਖਰੀਦਣ ਨੂੰ ਲੈ ਕੇ ਲਾਇਆ ਗਿਆ ਸੀ। -ਪੀਟੀਆਈ

ਸੰਯੁਕਤ ਰਾਸ਼ਟਰ ਆਮ ਸਭਾ ਦੇ ਸਾਲਾਨਾ ਸੈਸ਼ਨ ’ਚ ਹਿੱਸਾ ਨਹੀਂ ਲੈਣਗੇ ਮੋਦੀ

ਸੰਯੁਕਤ ਰਾਸ਼ਟਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਆਮ ਸਭਾ (ਯੂ ਐੱਨ ਜੀ ਏ) ਦੇ ਸਾਲਾਨਾ ਉੱਚ ਪੱਧਰੀ ਸੈਸ਼ਨ ’ਚ ਸ਼ਾਮਲ ਨਹੀਂ ਹੋਣਗੇ। ਇੱਥੇ ਜਾਰੀ ਬੁਲਾਰਿਆਂ ਦੀ ਸੋਧੀ ਹੋਈ (ਪ੍ਰੋਵੀਜ਼ਨਲ) ਸੂਚੀ ’ਚ ਇਹ ਜਾਣਕਾਰੀ ਮਿਲੀ ਹੈ। ਉੱਚ ਪੱਧਰੀ ਸੈਸ਼ਨ ’ਚ ਸ਼ਾਮਲ ਹੋਣ ਵਾਲੇ ਬੁਲਾਰਿਆਂ ਦੀ ਬੀਤੇ ਦਿਨ ਜਾਰੀ ਸੋਧੀ ਹੋਈ (ਪ੍ਰੋਵੀਜ਼ਨਲ) ਸੂਚੀ ਅਨੁਸਾਰ ਭਾਰਤ ਦੀ ਨੁਮਾਇੰਦਗੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਕਰਨਗੇ। ਉਹ 27 ਸਤੰਬਰ ਨੂੰ ਸੈਸ਼ਨ ਨੂੰ ਸੰਬੋਧਨ ਕਰਨਗੇ। ਯੂ ਐੱਨ ਜੀ ਏ ਦਾ 80ਵਾਂ ਸੈਸ਼ਨ ਨੌਂ ਸਤੰਬਰ ਨੂੰ ਸ਼ੁਰੂ ਹੋਵੇਗਾ। ਉੱਚ ਪੱਧਰੀ ਸੈਸ਼ਨ 23 ਤੋਂ 29 ਸਤੰਬਰ ਤੱਕ ਹੋਵੇਗਾ ਜਿਸ ’ਚ ਬ੍ਰਾਜ਼ੀਲ ਰਵਾਇਤੀ ਤੌਰ ’ਤੇ ਸੈਸ਼ਨ ਦਾ ਪਹਿਲਾ ਬੁਲਾਰਾ ਹੋਵੇਗਾ ਤੇ ਉਸ ਮਗਰੋਂ ਅਮਰੀਕਾ ਦੂਜੇ ਸਥਾਨ ’ਤੇ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 23 ਸਤੰਬਰ ਨੂੰ ਯੂ ਐੱਨ ਜੀ ਏ ਦੇ ਮੰਚ ਤੋਂ ਆਲਮੀ ਆਗੂਆਂ ਨੂੰ ਸੰਬੋਧਨ ਕਰਨਗੇ। -ਪੀਟੀਆਈ

Advertisement
Show comments