ਸਪੀਅਰ ਕੋਰ ਵੱਲੋਂ ਦਿਬਾਂਗ ਵੈਲੀ ਵਿੱਚ ਫ਼ੌਜੀ ਅਭਿਆਸ
ਭਾਰਤੀ ਫੌਜ ਦੀ ਸਪੀਅਰ ਕੋਰ ਨੇ ਅਰੁਣਾਚਲ ਪ੍ਰਦੇਸ਼ ਦੇ ਦਿਬਾਂਗ ਵੈਲੀ ਜ਼ਿਲ੍ਹੇ ਵਿੱਚ ਅੱਜ ਉੱਚ-ਤੀਬਰਤਾ ਵਾਲਾ ਫੌਜੀ ਅਭਿਆਸ ‘ਦਿਬਾਂਗ ਸ਼ਕਤੀ’ ਕੀਤਾ। ਇਸ ਅਭਿਆਸ ਦਾ ਮੁੱਖ ਮਕਸਦ ਭਾਰਤ ਦੀਆਂ ਪੂਰਬੀ ਸਰਹੱਦਾਂ ਨਾਲ ਜੁੜੀਆਂ ਗੈਰ-ਰਵਾਇਤੀ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਫ਼ੌਜ ਦੀ ਤਿਆਰੀ ਨੂੰ ਪਰਖਣਾ ਸੀ। ਰੱਖਿਆ ਤਰਜਮਾਨ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਦੱਸਿਆ ਕਿ ਇਹ ਅਭਿਆਸ ਸੰਘਣੇ ਜੰਗਲਾਂ ਅਤੇ ਉੱਚੇ ਪਹਾੜਾਂ ਵਿੱਚ ਖਰਾਬ ਮੌਸਮੀ ਹਾਲਾਤ ਹੇਠ ਕੀਤਾ ਗਿਆ। ਅਭਿਆਸ ਦੌਰਾਨ ਜਵਾਨਾਂ ਨੇ ਜੰਗਲਾਂ ਵਿੱਚ ਯੁੱਧ ਅਤੇ ਹੋਰ ਬਚਾਅ ਤਕਨੀਕਾਂ ਬਾਰੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਜਵਾਨਾਂ ਨੂੰ ਜੰਗ ਦੇ ਹਾਲਾਤ ਵਿੱਚ ਅਣਜਾਣ ਇਲਾਕਿਆਂ ’ਚੋਂ ਲੰਘਣਾ ਪਿਆ, ਜਿਸ ਲਈ ਬਹੁਤ ਜ਼ਿਆਦਾ ਸਰੀਰਕ ਸਹਿਣਸ਼ੀਲਤਾ, ਰਣਨੀਤਕ ਸੂਝ ਅਤੇ ਮਾਨਸਿਕ ਮਜ਼ਬੂਤੀ ਦੀ ਲੋੜ ਸੀ। ‘ਦਿਬਾਂਗ ਸ਼ਕਤੀ’ ਨੇ ਆਪਸੀ ਤਾਲਮੇਲ ਅਤੇ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ ਰਾਹੀਂ ਫ਼ੌਜ ਦੀ ਜੰਗ ਦੀ ਤਿਆਰੀ ’ਤੇ ਜ਼ੋਰ ਦਿੱਤਾ। ਲੈਫਟੀਨੈਂਟ ਕਰਨਲ ਰਾਵਤ ਨੇ ਕਿਹਾ ਕਿ ਇਸ ਅਭਿਆਸ ਦੀ ਸਫਲਤਾ ਨੇ ਨਾ ਸਿਰਫ ਫੌਜੀਆਂ ਦੇ ਮਨੋਬਲ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕੀਤਾ, ਸਗੋਂ ਹਮੇਸ਼ਾ ਤਿਆਰ ਰਹਿਣ ਦੇ ਫ਼ੌਜ ਦੇ ਮਕਸਦ ਦੀ ਵੀ ਪੁਸ਼ਟੀ ਕੀਤੀ ਹੈ। ਇਹ ਫ਼ੌਜ ਦੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਨਵੀਨਤਾ, ਅਨੁਕੂਲਤਾ ਅਤੇ ਸੰਚਾਲਨ ਵਿੱਚ ਉੱਤਮਤਾ ’ਤੇ ਲਗਾਤਾਰ ਦਿੱਤੇ ਜਾ ਰਹੇ ਜ਼ੋਰ ਨੂੰ ਦਰਸਾਉਂਦਾ ਹੈ।