Sopore: ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਜਵਾਨ ਸ਼ਹੀਦ
* ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਭਾਲ ਲਈ ਮੁਹਿੰਮ ਤੇਜ਼ ਕੀਤੀ
* ਗਣਤੰਤਰ ਦਿਵਸ ਦੇ ਮੱਦੇਨਜ਼ਰ ਜੰਮੂ ’ਚ ਸਖਤ ਸੁਰੱਖਿਆ ਬੰਦੋਬਸਤ
ਸ੍ਰੀਨਗਰ/ਜੰਮੂ, 20 ਜਨਵਰੀ
ਜੰਮੂ ਕਸ਼ਮੀਰ ਦੇ ਸੋਪੋਰ ਇਲਾਕੇ ਵਿੱਚ ਦਹਿਸ਼ਤਗਰਦਾਂ ਨਾਲ ਰਾਤ ਭਰ ਚੱਲੇ ਮੁਕਾਬਲੇ ਵਿੱਚ ਫੌਜ ਦਾ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੋਪੋਰ ਪੁਲੀਸ ਜ਼ਿਲ੍ਹੇ ਦੇ ਜਾਲੂਰਾ ਗੁੱਜਰਪਟੀ ’ਚ ਦਹਿਸ਼ਤਗਰਦਾਂ ਦੇ ਟਿਕਾਣੇ ਨੇੜੇ ਮੁਕਾਬਲੇ ਦੌਰਾਨ ਹੋਈ ਗੋਲੀਬਾਰੀ ’ਚ ਸਿਪਾਹੀ ਪਾਂਗਲਾ ਕਾਰਤਿਕ ਜ਼ਖਮੀ ਹੋ ਗਿਆ ਅਤੇ ਮੁਕਾਬਲੇ ਵਾਲੀ ਥਾਂ ਤੋਂ ਬਾਹਰ ਕੱਢਣ ਦੌਰਾਨ ਉਸ ਨੇ ਦਮ ਤੋੜ ਦਿੱਤਾ। ਚਿਨਾਰ ਕੋਰ ਦੇ ਸਾਰੇ ਰੈਂਕਾਂ ਦੇ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਹੀਦ ਕਾਰਤਿਕ ਨੂੰ ਸਲਾਮੀ ਦਿੱਤੀ। ਅਧਿਕਾਰੀਆਂ ਮੁਤਾਬਕ ਸੁਰੱਖਿਆ ਬਲਾਂ ਨੂੰ ਐਤਵਾਰ ਨੂੰ ਦਹਿਸ਼ਤਗਰਦਾਂ ਦੇ ਟਿਕਾਣੇ ਦਾ ਪਤਾ ਲੱਗਾ ਅਤੇ ਇਸ ਦੌਰਾਨ ਹੋਈ ਗੋਲੀਬਾਰੀ ਕਾਰਨ ਫੌਜ ਨੇ ਉੱਥੇ ਘੇਰਾਬੰਦੀ ਕੀਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਰਾਤ ਸਮੇਂ ਜਾਲੂਰਾ ਗੁੱਜਰਪਟੀ ’ਚ ਪੂਰੀ ਨਿਗਰਾਨੀ ਰੱਖੀ ਅਤੇ ਅੱਜ ਸਵੇਰੇ ਇਲਾਕੇ ’ਚ ਸ਼ੱਕੀ ਦਹਿਸ਼ਤਗਰਦਾਂ ਦੀ ਭਾਲ ਲਈ ਮੁਹਿੰਮ ਤੇਜ਼ ਕਰ ਦਿੱਤੀ। ਦੂਜੇ ਪਾਸੇ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਜੰਮੂ ਇਲਾਕੇ ’ਚ ਸੁਰੱਖਿਆ ਦੇ ਪੁਖ਼ਤਾ ਬੰਦੋਬਸਤ ਕੀਤੇ ਗਏ ਹਨ ਅਤੇ ਪੁਲੀਸ ਵੱਲੋਂ ਇਹਤਿਆਤ ਵਜੋਂ ਸਮਾਗਮ ਵਾਲੀ ਮੁੱਖ ਥਾਂ ਐੱਮ.ਏ. ਸਟੇਡੀਅਮ ਨੇੜੇ ਆਮ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲੀਸ ਦੇ ਸਕਿਊਰਿਟੀ ਵਿੰਗ ਨੇ ਸਟੇਡੀਅਮ ਦਾ ਕੰਟਰੋਲ ਆਪਣੇ ਹੱਥ ’ਚ ਲੈ ਲਿਆ, ਜਿੱਥੇ ਉਪ ਰਾਜਪਾਲ ਮਨੋਜ ਸਿਨਹਾ ਸਮਾਗਮ ਦੀ ਪ੍ਰਧਾਨਗੀ ਕਰਨਗੇ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਮੁੱਖ ਮਹਿਮਾਨ ਹੋਣਗੇ। -ਪੀਟੀਆਈ