ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਲਦੀ ਹੀ ਕੋਈ ਭਾਰਤ ਤੋਂ ਭਾਰਤੀ ਰਾਕੇਟ ਰਾਹੀਂ ਪੁਲਾੜ ਯਾਤਰਾ ਕਰੇਗਾ: ਸ਼ੁਕਲਾ

ਪੁਲਾਡ਼ ਦੇ ਸਿੱਧੇ ਤਜਰਬੇ ਨੂੰ ਕਿਸੇ ਵੀ ਸਿਖਲਾਈ ਤੋਂ ਬਿਹਤਰੀਨ ਤੇ ਵਿਲੱਖਣ ਅਤੇ ਆਗਾਮੀ ਮਿਸ਼ਨਾਂ ਲੲੀ ਲਾਹੇਵੰਦ ਦੱਸਿਆ
ਨਵੀਂ ਦਿੱਲੀ ਵਿੱਚ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ, ਇਸਰੋ ਦੇ ਚੇਅਰਮੈਨ ਐਸ ਸੋਮਨਾਥ, ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਕ੍ਰਿਸ਼ਨਨ ਨਾਇਰ ਸਾਂਝੀ ਤਸਵੀਰ ਖਿਚਵਾਉਂਦੇ ਹੋਏ। -ਫੋਟੋ: ਪੀਟੀਆਈ
Advertisement

ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ਦੀ ਸਫ਼ਲ ਪੁਲਾੜ ਯਾਤਰਾ ਤੋਂ ਉਤਸ਼ਾਹਿਤ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਜਲਦੀ ਹੀ ਕੋਈ ‘ਸਾਡੇ ਆਪਣੇ ਕੈਪਸੂਲ ਰਾਹੀਂ, ਸਾਡੇ ਰਾਕੇਟ ਰਾਹੀਂ, ਸਾਡੀ ਧਰਤੀ ਤੋਂ’ ਪੁਲਾੜ ਯਾਤਰਾ ਕਰੇਗਾ। ਗਰੁੱਪ ਕੈਪਟਨ ਸ਼ੁਕਲਾ ਨੇ ਇੱਥੇ ਇੱਕ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਆਈਐੱਸਐੱਸ ਮਿਸ਼ਨ ਦਾ ਸਿੱਧਾ ਤਜਰਬਾ ਬਹੁਤ ਅਣਮੋਲ ਤੇ ਕਿਸੇ ਵੀ ਸਿਖਲਾਈ ਤੋਂ ਕਿਤੇ ਬਿਹਤਰ ਸੀ।

ਉਨ੍ਹਾਂ ਕਿਹਾ ਕਿ ਭਾਰਤ ਅੱਜ ਵੀ ਪੁਲਾੜ ਤੋਂ ‘ਸਾਰੇ ਜਹਾਂ ਤੋਂ ਅੱਛਾ’ ਦਿਖਦਾ ਹੈ। ਇਹ ਸ਼ਬਦ ਪਹਿਲੀ ਵਾਰ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਨੇ 1984 ’ਚ ਆਪਣੇ ਪੁਲਾੜ ਮਿਸ਼ਨ ਦੌਰਾਨ ਕਹੇ ਸਨ। ਸ਼ੁਕਲਾ ਨੇ ਐਕਸੀਓਮ-4 ਮਿਸ਼ਨ ਦਾ ਹਿੱਸਾ ਹੋਣ ਦੇ ਆਪਣੇ ਤਜਰਬੇ ਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਲਈ ਆਪਣਾ ਨਜ਼ਰੀਆ ਸਾਂਝਾ ਕੀਤਾ।

Advertisement

ਸ਼ੁਕਲਾ ਨੇ ਕਿਹਾ ਕਿ ਆਈਐੱਸਐੱਸ ਮਿਸ਼ਨ ਦਾ ਤਜਰਬਾ ਭਾਰਤ ਦੇ ਮਨੁੱਖ ਆਧਾਰਿਤ ਪੁਲਾੜ ਪ੍ਰੋਗਰਾਮ ਲਈ ਬਹੁਤ ਲਾਹੇਵੰਦ ਹੋਵੇਗਾ ਅਤੇ ਉਨ੍ਹਾਂ ਪਿਛਲੇ ਸਾਲ ਆਪਣੇ ਮਿਸ਼ਨ ਦੌਰਾਨ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਕਿਹਾ, ‘ਤੁਸੀਂ ਭਾਵੇਂ ਕਿੰਨੀ ਵੀ ਸਿਖਲਾਈ ਲਈ ਹੋਵੇ ਪਰ ਉਸ ਤੋਂ ਬਾਅਦ ਵੀ ਜਦੋਂ ਤੁਸੀਂ ਰਾਕੇਟ ’ਚ ਬੈਠਦੇ ਹੋ, ਇੰਜਣ ਚਾਲੂ ਹੁੰਦਾ ਹੈ ਅਤੇ ਤੁਸੀਂ ਉਡਾਣ ਭਰਨ ਲਗਦੇ ਹੋ ਤਾਂ ਇਹ ਬਹੁਤ ਹੀ ਵੱਖਰਾ ਅਹਿਸਾਸ ਹੁੰਦਾ ਹੈ।’ ਪੱਤਰਕਾਰ ਸੰਮੇਲਨ ਨੂੰ ਕੇਂਦਰੀ ਮੰਤਰੀ ਜੀਤੇਂਦਰ ਸਿੰਘ ਤੇ ਭਾਰਤ ਦੇ ‘ਗਗਨਯਾਨ’ ਮਿਸ਼ਨ ਦੀ ਚਾਲਕ ਟੀਮ ’ਚ ਸ਼ਾਮਲ ਗਰੁੱਪ ਕੈਪਟਨ ਪ੍ਰਸ਼ਾਂਤ ਬੀ. ਨਾਇਰ ਨੇ ਵੀ ਸੰਬੋਧਨ ਕੀਤਾ।

ਸ਼ੁਭਾਂਸ਼ੂ ਸ਼ੁਕਲਾ ਵੱਲੋਂ ਰੱਖਿਆ ਮੰਤਰੀ ਨਾਲ ਮੁਲਾਕਾਤ

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਆਪਣੀ ਪੁਲਾੜ ਯਾਤਰਾ, ਪੁਲਾੜ ’ਚ ਕੀਤੇ ਗਏ ਅਹਿਮ ਪ੍ਰਯੋਗਾਂ ਤੇ ਭਾਰਤ ਦੇ ਮਨੁੱਖ ਆਧਾਰਿਤ ਪੁਲਾੜ ਉਡਾਣ ਪ੍ਰੋਗਰਾਮ ‘ਗਗਨਯਾਨ’ ਬਾਰੇ ਚਰਚਾ ਕੀਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਮੀਟਿੰਗ ਨਵੀਂ ਦਿੱਲੀ ਦੇ ਸਾਊਥ ਬਲਾਕ ’ਚ ਹੋਈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਗਰੁੱਪ ਕੈਪਟਨ ਸ਼ੁਕਲਾ ਦੀ ਯਾਤਰਾ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਰੱਖਿਆ ਮੰਤਰੀ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਅਸੀਂ ਉਨ੍ਹਾਂ ਦੀ ਪ੍ਰੇਰਕ ਪੁਲਾੜ ਯਾਤਰਾ, ਉਨ੍ਹਾਂ ਵੱਲੋਂ ਕੀਤੇ ਗਏ ਅਹਿਮ ਪ੍ਰਯੋਗਾਂ, ਵਿਗਿਆਨ ਤੇ ਤਕਨੀਕ ’ਚ ਪ੍ਰਗਤੀ ਅਤੇ ਭਾਰਤ ਦੇ ‘ਗਗਨਯਾਨ’ ਮਿਸ਼ਨ ਨਾਲ ਅੱਗੇ ਦੀ ਰਾਹ ਬਾਰੇ ਚਰਚਾ ਕੀਤੀ।’ -ਪੀਟੀਆਈ

Advertisement