ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੰਮੂ ਕਸ਼ਮੀਰ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਨੇ ਕੁਝ ਅਰਾਜਕ ਤੱਤ: ਰਿਜਿਜੂ

ਕੇਂਦਰੀ ਮੰਤਰੀ ਵੱਲੋਂ ਸਿਆਸਤਦਾਨਾਂ ਨੂੰ ਦੇਸ਼ ਹਿੱਤ ਵਿੱਚ ਸਿਆਸੀ ਮਤਭੇਦ ਭੁਲਾੳੁਣ ਦਾ ਸੱਦਾ
Advertisement

ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਬਹੁਤ ਹੀ ਹਾਂ ਪੱਖੀ ਅਤੇ ਤਰੱਕੀ ਪਸੰਦ ਕਰਾਰ ਦਿੰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਦੇਸ਼ ਤੋਂ ਬਾਹਰਲੇ ਕੁਝ ਅਰਾਜਕ ਤੱਤ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸ਼ਾਂਤੀ ਅਤੇ ਵਿਕਾਸ ਨੂੰ ਪੱਟੜੀ ਤੋਂ ਲਾਹੁਣ ਦੀ ਕੋਸ਼ਿਸ਼ ਕਰ ਰਹੇ ਹਨ। ਰਿਜਿਜੂ ਨੇ ਕਿਹਾ ਕਿ ਇੱਕ ਮਜ਼ਬੂਤ ਭਾਰਤ ਇੱਕ ਮਜ਼ਬੂਤ ਜੰਮੂ-ਕਸ਼ਮੀਰ ਤੋਂ ਬਿਨਾਂ ਅਧੂਰਾ ਹੈ। ਉਨ੍ਹਾਂ ਸਥਾਨਕ ਨੌਜਵਾਨਾਂ ਨੂੰ ਭਰੋਸਾ ਦਿੱਤਾ, ‘‘ਅਸੀਂ ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨ ਅਤੇ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦੇ ਕੇ ਤੁਹਾਨੂੰ ਮਾਣ ਮਹਿਸੂਸ ਕਰਵਾਵਾਂਗੇ।’’ ਕਸ਼ਮੀਰ ਯੂਨੀਵਰਸਿਟੀ ਵਿੱਚ ਐਲੂਮਨੀ ਮੀਟ 2025 ਨੂੰ ਸੰਬੋਧਨ ਕਰਦਿਆਂ ਸੰਸਦੀ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਆਸਤਦਾਨਾਂ ਨੂੰ ਦੇਸ਼ ਹਿੱਤ ਵਿੱਚ ਸਿਆਸੀ ਮਤਭੇਦ ਭੁਲਾਉਣੇ ਚਾਹੀਦੇ ਹਨ ਅਤੇ ‘ਮੁਹੱਬਤ ਕੀ ਦੁਕਾਨ ਖੋਲ੍ਹਣ’ ਦੀ ਥਾਂ ‘ਮੁਹੱਬਤ ਦੇ ਮਾਰਗ’ ’ਤੇ ਇਕੱਠੇ ਚੱਲਣਾ ਚਾਹੀਦਾ ਹੈ।

ਉਨ੍ਹਾਂ ਅਪਰੈਲ ਵਿੱਚ ਕਸ਼ਮੀਰ ਦੀ ਆਪਣੀ ਆਖ਼ਰੀ ਫੇਰੀ ਦੌਰਾਨ ਡੱਲ ਝੀਲ ਦੇ ਕੰਢੇ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਵਿੱਚ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨਾਲ ਹੋਈ ਆਪਣੀ ਅਚਾਨਕ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ‘‘ਸਵੇਰੇ-ਸਵੇਰੇ ਅਚਾਨਕ ਹੋਈ ਇਸ ਮੁਲਾਕਾਤ ਕਾਰਨ ਸਿਆਸੀ ਤੂਫਾਨ ਖੜ੍ਹਾ ਹੋ ਗਿਆ, ਜੋ ਨਹੀਂ ਹੋਣਾ ਚਾਹੀਦਾ ਸੀ।’’ ਮੰਤਰੀ ਨੇ ਕਿਹਾ, ‘‘ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਮੁਹੱਬਤ ਕੀ ਦੁਕਾਨ ਖੋਲ੍ਹਣ ਵਿੱਚ ਨਹੀਂ, ਮੁਹੱਬਤ ਦੇ ਮਾਰਗ ’ਤੇ ਇਕੱਠੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹਾਂ।’’

Advertisement

ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਹੋਵੇ: ਫਾਰੂਕ ਅਬਦੁੱਲਾ

ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਕਿਹਾ ਕਿ ਜੇਕਰ ਦੇਸ਼ ਦੇ ਸੰਵਿਧਾਨ ਦਾ ਸਨਮਾਨ ਕਰਨਾ ਹੈ ਤਾਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਬਹਾਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਥਾਨਕ ਸਰਕਾਰ ਕੋਲ ਸੁਰੱਖਿਆ ਦੀ ਜ਼ਿੰਮੇਵਾਰੀ ਹੁੰਦੀ ਤਾਂ ਪਹਿਲਗਾਮ ਵਿੱਚ ਅਤਿਵਾਦੀ ਹਮਲਾ ਟਾਲਿਆ ਜਾ ਸਕਦਾ ਸੀ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਵਧ ਰਹੀ ਮੰਗ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਅਬਦੁੱਲਾ ਨੇ ਕਿਹਾ, ‘‘ਇਹ ਆਸ਼ਾਵਾਦੀ ਹੋਣ ਦਾ ਸਵਾਲ ਨਹੀਂ ਹੈ।’’ ਉਨ੍ਹਾਂ ਹਾਲ ਹੀ ਵਿੱਚ ਇੱਥੇ ਇਸ ਖ਼ਬਰ ਏਜੰਸੀ ਨੂੰ ਕਿਹਾ, ‘‘ਜੇਕਰ ਭਾਰਤ ਦੇ ਸੰਵਿਧਾਨ ਦਾ ਸਨਮਾਨ ਕਰਨਾ ਹੈ ਤਾਂ ਸੂਬਿਆਂ ਨੂੰ ਕਦੇ ਵੀ ਕੇਂਦਰ ਸ਼ਾਸਿਤ ਪ੍ਰਦੇਸ਼ ਨਾ ਬਣਾਇਆ ਜਾਵੇ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸੂਬਿਆਂ ਵਿੱਚ ਤਬਦੀਲ ਕੀਤਾ ਜਾਂਦਾ ਹੈ। (ਪਰ) ਦੁਖਾਂਤ ਇਹ ਹੈ ਕਿ ਉਨ੍ਹਾਂ ਨੇ ਇੱਕ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਬਦਲ ਦਿੱਤਾ। ਅਤੇ ਉਨ੍ਹਾਂ ਨੇ ਕੀ ਹਾਸਲ ਕਰ ਲਿਆ।’’ -ਪੀਟੀਆਈ

Advertisement