ਹਿਮਾਚਲ ਤੇ ਕਸ਼ਮੀਰ ਦੇ ਪਹਾੜਾਂ ’ਤੇ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੇ ਉੱਚੇ ਪਹਾੜੀ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਮਗਰੋਂ ਸਥਾਨਕ ਲੋਕਾਂ ਤੇ ਸੈਲਾਨੀਆਂ ਦੇ ਚਿਹਰਿਆਂ ’ਤੇ ਰੌਣਕ ਆ ਗਈ ਹੈ। ਪਹਾੜਾਂ ’ਤੇ ਬਰਫ਼ਬਾਰੀ ਮਗਰੋਂ ਮੈਦਾਨੀ ਇਲਾਕਿਆਂ ’ਚ ਵੀ ਠੰਢ ਜ਼ੋਰ ਫੜਨ ਲੱਗੀ ਹੈ। ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਅਤੇ ਕਿੰਨੌਰ, ਕੁੱਲੂ ਤੇ ਪਹਾੜੀ ਦੱਰਿਆਂ ਦੇ ਉੱਚੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਹੋਈ ਹੈ ਜਿਸ ਕਾਰਨ ਤਾਪਮਾਨ ’ਚ ਕਮੀ ਦਰਜ ਕੀਤੀ ਗਈ ਅਤੇ ਨੇੜਲੀਆਂ ਘਾਟੀਆਂ ’ਚ ਮੌਸਮ ਸਰਦ ਹੋ ਗਿਆ ਹੈ। ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਕੁਕੁਮਸੇਰੀ ਤੇ ਕੇਲਾਂਗ ’ਚ ਵੀ ਬਰਫ਼ਬਾਰੀ ਹੋਈ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਬਰਫਬਾਰੀ ਦੀਆਂ ਕਈ ਵੀਡੀਓ ਸਾਹਮਣੇ ਆਈਆਂ ਹਨ। ਇੱਥੇ ਪਹੁੰਚ ਰਹੀਆਂ ਰਿਪੋਰਟਾਂ ਅਨੁਸਾਰ ਲਾਹੌਲ ਘਾਟੀ, ਰੋਹਤਾਂਗ ਦੱਰਾ, ਕੋਕਸਰ, ਮਾਰੀ ਤੇ ਨੇੜਲੇ ਇਲਾਕੇ ਬਰਫ ਦੀ ਚਾਦਰ ’ਚ ਲਿਪਟੇ ਹੋਏ ਹਨ। ਕਬਾਇਲੀ ਖਿੱਤਿਆਂ ’ਚ ਲੋਕ ਕੜਾਕੇ ਦੀ ਠੰਢ ਦੀ ਲਪੇਟ ’ਚ ਹਨ ਤੇ ਪਾਰਾ ਮਨਫੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ ਜਦਕਿ ਦਰਮਿਆਨੇ ਤੇ ਹੇਠਲੇ ਪਹਾੜੀ ਇਲਾਕਿਆਂ ’ਚ ਹਲਕਾ ਮੀਂਹ ਪਿਆ ਹੈ। ਸਥਾਨਕ ਲੋਕਾਂ ਤੇ ਕਾਰੋਬਾਰੀਆਂ ਨੂੰ ਸੈਲਾਨੀਆਂ ਦੀ ਆਮਦ ਵਧਣ ਦੀ ਆਸ ਹੈ। ਉੱਧਰ ਕਸ਼ਮੀਰ ਦੇ ਗੁਲਮਰਗ ਤੇ ਬਾਰਾਮੂਲਾ ’ਚ ਵੀ ਬਰਫ਼ਬਾਰੀ ਮਗਰੋਂ ਸੈਲਾਨੀਆਂ ਦੀ ਆਮਦ ਵਧੀ ਹੈ।
