ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿਚ ਬਰਫ਼ਬਾਰੀ
ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਅਤੇ ਮਨਾਲੀ ਦੇ ਉੱਚੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਨਾਲ ਘੱਟੋ-ਘੱਟ ਤਾਪਮਾਨ ਕਈ ਦਰਜੇ ਹੇਠਾਂ ਡਿੱਗ ਗਿਆ। ਉਂਝ ਬਰਫ਼ਬਾਰੀ ਨਾਲ ਮਨਾਲੀ ਅਤੇ ਲਾਹੌਲ ਤੇ ਸਪਿਤੀ ਵਿੱਚ ਸੈਰ-ਸਪਾਟੇ ਨਾਲ ਜੁੜੇ ਕਾਰੋਬਾਰੀਆਂ ਦੇ ਚਿਹਰੇ ਮੁੜ ਖਿੜ ਗਏ ਹਨ। ਕਾਰੋਬਾਰੀਆਂ ਨੂੰ ਸੱਜਰੀ ਬਰਫ਼ਬਾਰੀ ਨਾਲ ਸੈਲਾਨੀਆਂ ਦੀ ਆਮਦ ਵਿੱਚ ਵਾਧੇ ਦੀ ਉਮੀਦ ਹੈ।
ਸ਼ਿਮਲਾ ਮੌਸਮ ਵਿਭਾਗ ਨੇ ਕਿਹਾ ਕਿ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਪਿਆ, ਜਿਸ ਵਿੱਚ ਮਨਾਲੀ ਵਿੱਚ 12 ਮਿਲੀਮੀਟਰ, ਭਰਮੌਰ ਵਿੱਚ 11.5 ਮਿਲੀਮੀਟਰ, ਕੇਲੋਂਗ ਵਿੱਚ 6 ਮਿਲੀਮੀਟਰ, ਭੂੰਤਰ ਵਿੱਚ 3.6 ਮਿਲੀਮੀਟਰ, ਸਿਓਬਾਘ ਵਿੱਚ 2.4 ਮਿਲੀਮੀਟਰ, ਪਾਲਮਪੁਰ ਵਿੱਚ 2 ਮਿਲੀਮੀਟਰ, ਕੁਕੁਮਸੇਰੀ ਵਿੱਚ 1.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਕਬਾਇਲੀ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਵਿੱਚ ਬੀਤੀ ਰਾਤ ਸਭ ਤੋਂ ਠੰਢੀ ਰਹੀ, ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ 0.7 ਡਿਗਰੀ ਦਰਜ ਕੀਤਾ ਗਿਆ। ਇਸ ਤੋਂ ਬਾਅਦ ਕੁਕੁਮਸੇਰੀ ਵਿੱਚ 0.4 ਡਿਗਰੀ, ਕੇਲੋਂਗ ਵਿੱਚ 1.8 ਡਿਗਰੀ ਅਤੇ ਕਲਪਾ ਵਿੱਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
