ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਥਰਸ ਭਗਦੜ ਮਾਮਲੇ ਵਿੱਚ ਛੇ ਸੇਵਾਦਾਰ ਗ੍ਰਿਫ਼ਤਾਰ

ਮੁੱਖ ਮੁਲਜ਼ਮ ਖ਼ਿਲਾਫ਼ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਛੇਤੀ
ਧਾਰਮਿਕ ਆਗੂ ਨਾਰਾਇਣ ਸਾਕਾਰ ਹਰੀ ਉਰਫ਼ ਭੋਲੇ ਬਾਬਾ ਦੇ ਆਸ਼ਰਮ ਦੇ ਬਾਹਰ ਖੜ੍ਹੇ ਲੋਕ। -ਫੋਟੋ: ਪੀਟੀਆਈ
Advertisement

ਹਾਥਰਸ, 4 ਜੁਲਾਈ

ਹਾਥਰਸ ਭਗਦੜ ਮਾਮਲੇ ’ਚ ਯੂਪੀ ਪੁਲੀਸ ਨੇ ਧਾਰਮਿਕ ਸਮਾਗਮ ਦੀ ਪ੍ਰਬੰਧਕ ਕਮੇਟੀ ਦੀਆਂ ਦੋ ਔਰਤਾਂ ਸਮੇਤ ਛੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਮੁੱਖ ਮੁਲਜ਼ਮ ਸੇਵਾਦਾਰ ਦੇਵਪ੍ਰਕਾਸ਼ ਮਧੂਕਰ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਦਾ ਐਲਾਨ ਅਤੇ ਗ਼ੈਰ-ਜ਼ਮਾਨਤੀ ਵਾਰੰਟ ਛੇਤੀ ਜਾਰੀ ਕੀਤੇ ਜਾਣਗੇ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਰਾਮ ਲਡਾਇਤ (50), ਉਪੇਂਦਰ ਸਿੰਘ ਯਾਦਵ (62), ਮੇਘ ਸਿੰਘ (61), ਮੁਕੇਸ਼ ਕੁਮਾਰ (38), ਮੰਜੂ ਯਾਦਵ (30) ਅਤੇ ਮੰਜੂ ਦੇਵੀ (40) ਸ਼ਾਮਲ ਹਨ।

Advertisement

ਅਲੀਗੜ੍ਹ ਰੇਂਜ ਦੇ ਪੁਲੀਸ ਕਮਿਸ਼ਨਰ ਸ਼ਲਭ ਮਾਥੁਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਾਂਚ ਦੌਰਾਨ ਜੇ ਲੋੜ ਪਈ ਤਾਂ ਪ੍ਰਚਾਰਕ ਸੂਰਜਪਾਲ, ਜਿਸ ਨੂੰ ਨਾਰਾਇਣ ਸਾਕਾਰ ਹਰੀ ਅਤੇ ਭੋਲੇ ਬਾਬਾ ਵਜੋਂ ਵੀ ਜਾਣਿਆ ਜਾਂਦਾ ਹੈ, ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ। ਹਾਥਰਸ ਦੇ ਫੂਲਰਾਈ ਪਿੰਡ ’ਚ ਮੰਗਲਵਾਰ ਨੂੰ ਭਗਦੜ ਕਾਰਨ 121 ਵਿਅਕਤੀਆ ਦੀ ਮੌਤ ਹੋ ਗਈ ਸੀ। ਸਿਕੰਦਰ ਰਾਓ ਪੁਲੀਸ ਥਾਣੇ ’ਚ ਦਰਜ ਐੱਫਆਈਆਰ ’ਚ ਸੂਰਜਪਾਲ ਦਾ ਨਾਮ ਨਹੀਂ ਹੈ। ਆਈਜੀ ਨੇ ਕਿਹਾ ਕਿ ਪੂਰੀ ਪੜਤਾਲ ਮਗਰੋਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਅਤੇ ਸੇਵਾਦਾਰ ਵਜੋਂ ਕੰਮ ਕਰ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਪ੍ਰਬੰਧਕਾਂ ਅਤੇ ਮੈਂਬਰਾਂ ਨੇ ਭੀੜ ਇਕੱਠੀ ਕੀਤੀ ਸੀ ਅਤੇ ਸਤਿਸੰਗ ਕਮੇਟੀ ’ਚ ਸਹਿਯੋਗ ਲਈ ਦਾਨ ਵੀ ਇਕੱਤਰ ਕੀਤਾ ਸੀ। ਉਧਰ ਪੁਲੀਸ ਨੇ ਭੋਲੇ ਬਾਬਾ ਦੇ ਮੈਨਪੁਰੀ ਸਥਿਤ ਆਸ਼ਰਮ ਦੀ ਤਲਾਸ਼ੀ ਲਈ ਪਰ ਉਥੇ ਉਹ ਨਹੀਂ ਮਿਲਿਆ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਉਥੇ ਸੁਰੱਖਿਆ ਪ੍ਰਬੰਧ ਦੇਖਣ ਲਈ ਗਏ ਸਨ। ਆਸ਼ਰਮ ਦੇ ਬਾਹਰ ਪਹਿਲਾਂ ਹੀ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਭਗਦੜ ’ਚ ਮਾਰੇ ਗਏ ਸਾਰੇ ਲੋਕਾਂ ਦੀ ਸ਼ਨਾਖ਼ਤ ਮਗਰੋਂ ਦੇਹਾਂ ਪਰਿਵਾਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। -ਪੀਟੀਆਈ

ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ: ਅਖਿਲੇਸ਼

ਲਖਨਊ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਹਾਥਰਸ ਭਗਦੜ ਪਿੱਛੇ ਕੋਈ ਸਾਜ਼ਿਸ਼ ਨਹੀਂ ਹੋ ਸਕਦੀ ਹੈ ਪਰ ਸਰਕਾਰ ਇਸ ਮਾਮਲੇ ’ਚ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਚਾਹੁੰਦੀ ਹੈ। ਅਖਿਲੇਸ਼ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬਿਆਨ ਦਿੱਤਾ ਕਿ ਭਗਦੜ ਪਿੱਛੇ ਸੰਭਾਵੀ ਸਾਜ਼ਿਸ਼ ਹੋ ਸਕਦੀ ਹੈ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੀਡੀਆ ਦੇ ਕੈਮਰਿਆਂ ਤੋਂ ਨਸ਼ਰ ਹੋਈਆਂ ਤਸਵੀਰਾਂ ਦੇ ਆਧਾਰ ’ਤੇ ਫ਼ੈਸਲਾ ਲੈਣਾ ਚਾਹੀਦਾ ਹੈ। ਅਖਿਲੇਸ਼ ਮੁਤਾਬਕ ਹਾਦਸੇ ਲਈ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਕਿਉਂਕਿ ਅਧਿਕਾਰੀ ਹਾਦਸਾ ਵਾਪਰਨ ਮਗਰੋਂ ਘਟਨਾ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਸੂਬੇ ਦੀਆਂ ਸਿਹਤ ਸੇਵਾਵਾਂ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਕਈ ਲੋਕਾਂ ਦੀ ਜਾਨ ਇਲਾਜ ਨਾ ਹੋਣ ਕਾਰਨ ਗਈ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਿਚਕਾਰ ਤਣਾਅ ਚੱਲ ਰਿਹਾ ਹੈ ਕਿਉਂਕਿ ਬ੍ਰਜੇਸ਼ ਪਾਠਕ ਸੂਬੇ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। -ਪੀਟੀਆਈ

ਰਾਹੁਲ ਗਾਂਧੀ ਹਾਥਰਸ ਦਾ ਕਰਨਗੇ ਦੌਰਾ

ਤਿਰੂਵਨੰਤਪੁਰਮ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੇ ਹਾਥਰਸ ਦਾ ਦੌਰਾ ਕਰਨਗੇ ਜਿਥੇ ਧਾਰਮਿਕ ਸਮਾਗਮ ਦੌਰਾਨ ਭਗਦੜ ਕਾਰਨ 121 ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਾਂਗਰਸ ਦੇ ਸੀਨੀਅਰ ਆਗੂ ਕੇਸੀ ਵੇਣੂਗੋਪਾਲ ਨੇ ਵੀਰਵਾਰ ਨੂੰ ਕਿਹਾ ਕਿ ਰਾਹੁਲ ਗਾਂਧੀ ਆਪਣੇ ਦੌਰੇ ਦੌਰਾਨ ਪੀੜਤ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਹਾਦਸੇ ਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ। ਯੂਪੀ ਸਰਕਾਰ ਨੇ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਮੁਤਾਬਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੇਮਾਂ ਦੀ ਉਲੰਘਣਾ ਕਰਦਿਆਂ 80 ਹਜ਼ਾਰ ਦੀ ਥਾਂ ’ਤੇ ਢਾਈ ਲੱਖ ਤੋਂ ਜ਼ਿਆਦਾ ਲੋਕ ਇਕੱਠੇ ਹੋ ਗਏ ਸਨ। -ਪੀਟੀਆਈ

Advertisement
Show comments