ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੈਪੁਰ ਦੇ ਹਸਪਤਾਲ ’ਚ ਅੱਗ ਲੱਗਣ ਕਾਰਨ ਛੇ ਮਰੀਜ਼ਾਂ ਦੀ ਮੌਤ

ਮ੍ਰਿਤਕਾਂ ਵਿਚ ਦੋ ਔਰਤਾਂ ਸ਼ਾਮਲ; ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਮੈਡੀਕਲ ਸਟਾਫ ’ਤੇ ਅਣਗਿਹਲੀ ਵਰਤਣ ਦਾ ਦੋਸ਼
ਅੱਗ ਲੱਗਣ ਦੀ ਘਟਨਾ ਮਗਰੋਂ ਹਸਪਤਾਲ ਦੇ ਬਾਹਰ ਸੁਰੱਖਿਅਤ ਕੱਢੇ ਗਏ ਮਰੀਜ਼। -ਫੋਟੋ: ਪੀਟੀਆਈ
Advertisement
ਜੈਪੁਰ ਦੇ ਸਵਾਈ ਮਾਨ ਸਿੰਘ (ਐੱਸ ਐੱਮ ਐੱਸ) ਹਸਪਤਾਲ ਦੇ ਟਰੌਮਾ ਸੈਂਟਰ ਦੀ ਦੂਜੀ ਮੰਜ਼ਿਲ ਵਿਚ ਐਤਵਾਰ ਦੇਰ ਰਾਤ ਨੂੰ ਅੱਗ ਲੱਗਣ ਕਾਰਨ ਛੇ ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ। ਟਰੌਮਾ ਸੈਂਟਰ ਦੇ ਇੰਚਾਰਜ ਡਾ. ਅਨੁਰਾਗ ਧਾਕੜ ਨੇ ਕਿਹਾ ਕਿ ਸਟੋਰੇਜ ਏਰੀਆ ਵਿਚ ਅੱਗ ਲੱਗਣ ਮੌਕੇ ਨਿਊਰੋ ਆਈਸੀਯੂ ਵਿਚ 11 ਮਰੀਜ਼ ਜ਼ੇਰੇ ਇਲਾਜ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਪੀੜਤਾਂ ਦੀ ਪਛਾਣ ਪਿੰਟੂ (ਸੀਕਰ), ਦਿਲੀਪ (ਆਂਧੀ, ਜੈਪੁਰ), ਸ੍ਰੀਨਾਥ, ਰੁਕਮਨੀ, ਖੁਰਮਾ (ਸਾਰੇ ਭਰਤਪੁਰ) ਤੇ ਬਹਾਦੁਰ (ਸਾਂਗਨੇਰ, ਜੈਪੁਰ) ਵਜੋਂ ਦੱਸੀ ਗਈ ਹੈ।

ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਰੋਸ ਜ਼ਾਹਿਰ ਕਰਦਿਆਂ ਦੋਸ਼ ਲਾਇਆ ਕਿ ਅਧਿਕਾਰੀ ਅਣਗਹਿਲੀ ਵਰਤ ਰਹੇ ਸਨ, ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਅਤੇ ਬਿਮਾਰਾਂ ਨੂੰ ਬਚਾਉਣ ਦੀ ਥਾਂ ਭੱਜ ਰਹੇ ਸਨ। ਮ੍ਰਿਤਕ ਰੁਕਮਣੀ ਦੇ ਪੁੱਤਰ ਜੋਗਿੰਦਰ ਨੇ ਕਿਹਾ, ‘‘ਕਿਸੇ ਨੇ ਮੇਰੀ ਮਾਂ ਦੀ ਮਦਦ ਨਹੀਂ ਕੀਤੀ।’’

Advertisement

ਡਾ. ਧਾਕੜ ਨੇ ਕਿਹਾ, ‘‘ਮ੍ਰਿਤਕਾਂ ਵਿਚ ਦੋ ਔਰਤਾਂ ਤੇ ਚਾਰ ਪੁਰਸ਼ ਸ਼ਾਮਲ ਹਨ। 14 ਮਰੀਜ਼ਾਂ ਨੂੰ ਵੱਖੋ-ਵੱਖਰੇ ਆਈ ਸੀ ਯੂ ਵਿਚ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਗਿਆ।’’ ਐੱਸ ਐੱਮ ਐੱਸ ਹਸਪਤਾਲ ਰਾਜਸਥਾਨ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੈ। ਅੱਗ ਬੁਝਾਊ ਦਸਤੇ ਸੂਚਨਾ ਮਿਲਣ ਤੋਂ ਥੋੜ੍ਹੀ ਦੇਰ ਬਾਅਦ ਪਹੁੰਚੇ ਅਤੇ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ।

ਇਸ ਦੌਰਾਨ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਸੰਸਦੀ ਮਾਮਲਿਆਂ ਬਾਰੇ ਮੰਤਰੀ ਜੋਗਾਰਾਮ ਪਟੇਲ ਅਤੇ ਗ੍ਰਹਿ ਰਾਜ ਮੰਤਰੀ ਜਵਾਹਰ ਸਿੰਘ ਬੇਧਮ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਟਰੌਮਾ ਸੈਂਟਰ ਦਾ ਦੌਰਾ ਕੀਤਾ। ਮੁੱਖ ਮੰਤਰੀ ਭਜਨ ਲਾਲ ਨੇ ਡਾਕਟਰਾਂ ਤੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਆਗੂ ਅਸ਼ੋਕ ਗਹਿਲੋਤ ਨੇ ਅੱਗ ਲੱਗਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। -ਪੀਟੀਆਈ

ਮੋਦੀ, ਸ਼ਾਹ ਤੇ ਪ੍ਰਿਯੰਕਾ ਵੱਲੋਂ ਦੁੱਖ ਪ੍ਰਗਟ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੈਪੁਰ ਦੇ ਹਸਪਤਾਲ ਵਿੱਚ ਅੱਗ ਲੱਗਣ ਕਾਰਨ ਮਰੀਜ਼ਾਂ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਉਠਾ ਰਿਹਾ ਹੈ। ਉਧਰ, ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਰਾਜਸਥਾਨ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਅਤੇ ਘਟਨਾ ਦੀ ਫੌਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। -ਪੀਟੀਆਈ

 

 

Advertisement
Show comments