ਸੀਤਾਰਮਨ ਵੱਲੋਂ ਰੂਸੀ ਤੇ ਚੀਨੀ ਵਿੱਤ ਮੰਤਰੀਆਂ ਨਾਲ ਦੁਵੱਲੇ ਸਹਿਯੋਗ ਬਾਰੇ ਚਰਚਾ
ਨਵੀਂ ਦਿੱਲੀ, 6 ਜੁਲਾਈ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੂਸੀ ਤੇ ਚੀਨੀ ਹਮਰੁਤਬਾਵਾਂ ਨਾਲ ਕਈ ਦੁਵੱਲੀਆਂ ਮੀਟਿੰਗਾਂ ਕੀਤੀਆਂ ਤੇ ਦੁਵੱਲੇ ਸਹਿਯੋਗ ਤੇ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਇਹ ਮੀਟਿੰਗਾਂ ਰੀਓ ਡੀ ਜਨੇਰੀਓ (ਬਰਾਜ਼ੀਲ) ਵਿੱਚ ‘ਬ੍ਰਿਕਸ’ ਮੁਲਕਾਂ ਦੇ ਵਿੱਤ ਮੰਤਰੀਆਂ ਦੇ ਕੇਂਦਰੀ ਬੈਂਕ ਗਵਰਨਰਾਂ ਦੀਆਂ ਮੀਟਿੰਗ ਦੌਰਾਨ ਹੋਈਆਂ।
ਵਿੱਤ ਮੰਤਰਾਲੇ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ ਕਿ ਰੂਸ ਦੇ ਵਿੱਤ ਮੰਤਰੀ ਐਂਟਨ ਸਿਲੂਆਨੋਵ ਨਾਲ ਮੀਟਿੰਗ ਦੌਰਾਨ ਸੀਤਾਰਮਨ ਨੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਦਿੱਤੀ ਹਮਾਇਤ ਲਈ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਭਾਰਤ-ਰੂਸ ਦੀ ਲੰਮੇ ਸਮੇਂ ਦੀ ਭਾਈਵਾਲੀ ਬਾਰੇ ਚਰਚਾ ਕੀਤੀ। ਵਿੱਤ ਮੰਤਰੀ ਨੇ ਆਖਿਆ ਕਿ ਭਾਰਤ ਤੇ ਰੂਸ ਵਿਚਾਲੇ ਆਪਸੀ ਭਰੋਸੇ ਤੇ ਸਮਝ ਦਾ ਪੱਧਰ ਬੇਮਿਸਾਲ ਹੈ ਤੇ ਸਾਡੀ ਵਿਸ਼ੇਸ਼ ਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਮਜ਼ਬੂਤ ਤੇ ਟਿਕਾਊ ਬਣੀ ਹੋਈ ਹੈ। ਦੋਵਾਂ ਧਿਰਾਂ ਨੇ ਵਿੱਤੀ ਖੇਤਰ ’ਚ ਸਹਿਯੋਗ ਤੋਂ ਇਲਾਵਾ ਨਵ ਵਿਕਾਸ ਬੈਂਕ (ਐੱਨਬੀਡੀ) ਸਣੇ ਦੁਵੱਲੇ ਸਹਿਯੋਗ ਦੇ ਮੁੱਦੇ ’ਤੇ ਵੀ ਚਰਚਾ ਕੀਤੀ।
ਨਿਰਮਲਾ ਸੀਤਾਰਮਨ ਨੇ ਚੀਨੀ ਹਮਰੁਤਬਾ ਲੈਨ ਫੋਆਨ ਨਾਲ ਮੀਟਿੰਗ ’ਚ ਸਾਂਝੀ ਮਨੁੱਖੀ ਪੂੰਜੀ, ਗੂੜ੍ਹੇ ਸਬੰਧਾਂ ਤੇ ਵਧਦੇ ਆਰਥਿਕ ਪ੍ਰਭਾਵ ਕਾਰਨ ਵੱਖ-ਵੱਖ ਖੇਤਰਾਂ ’ਚ ਸਹਿਯੋਗ ਮਜ਼ਬੂਤ ਕਰਨ ’ਤੇ ਚਰਚਾ ਕੀਤੀ। ਸੀਤਾਰਮਨ ਨੇ ਕਿਹਾ ਕਿ ਭਾਰਤ ਤੇ ਚੀਨ ਸਮਾਵੇਸ਼ੀ ਆਲਮੀ ਵਿਕਾਸ ਤੇ ਨਵੀਨੀਕਰਨ ਅੱਗੇ ਵਧਾਉਣ ਲਈ ਵਿਸ਼ੇਸ਼ ਸਥਿਤੀ ਵਿੱਚ ਹਨ ਕਿਉਂਕਿ ਦੋਵੇਂ ਮੁਲਕ ਦੁਨੀਆ ਦੇ ਸਭ ਤੋਂ ਵੱਡੇ ਤੇ ਤੇਜ਼ੀ ਨਾਲ ਵਧਦੇ ਅਰਥਚਾਰੇ ਹਨ। ਵਿੱਤ ਮੰਤਰੀ ਨੇ ਸੁਝਾਅ ਦਿੱਤਾ ਗਿਆ ਦੋਵਾਂ ਦੇਸ਼ਾਂ ਵਿਚਾਲੇ ਗੂੜ੍ਹੇ ਸਹਿਯੋਗ ਨਾਲ ਵਿਕਾਸਸ਼ੀਲ ਅਰਥਚਾਰਿਆਂ ਦੀ ਆਵਾਜ਼ ਬੁਲੰਦ ਕਰਨ ’ਚ ਮਦਦ ਮਿਲੇਗੀ ਤੇ ਆਲਮੀ ਬਿਰਤਾਂਤਾਂ ਨੂੰ ਆਕਾਰ ਦੇਣ ’ਚ ਮਦਦ ਮਿਲੇਗੀ, ਜੋ ਗਲੋਬਲ ਸਾਊਥ ਦੀਆਂ ਤਰਜੀਹਾਂ ਤੇ ਇੱਛਾਵਾਂ ਦਾ ਅਕਸ ਪੇਸ਼ ਕਰਨਗੇ।
ਉਨ੍ਹਾਂ ਨੇ ਬਰਾਜ਼ੀਲ ਦੇ ਵਿੱਤ ਮੰਤਰੀ ਫਰਨਾਂਡੋ ਹਦਾਦ ਨਾਲ ਵੀ ਦੁਵੱਲੇ ਹਿੱਤਾਂ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ। -ਪੀਟੀਆਈ
ਇੰਡੋਨੇਸ਼ੀਆ ਆਰਥਿਕ ਤੇ ਵਿੱਤੀ ਗੱਲਬਾਤ ਦੀ ਮੇਜ਼ਬਾਨੀ ਕਰੇਗਾ ਭਾਰਤ
ਇੰਡੋਨੇਸ਼ੀਆ ਦੇ ਉਪ ਵਿੱਤ ਮੰਤਰੀ ਥਾਮਸ ਦਜੀਵਾਂਡੋਨੋ ਨਾਲ ਮੀਟਿੰਗ ਦੌਰਾਨ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਜਲਦੀ ਹੀ ਇੰਡੋਨੇਸ਼ੀਆ ਆਰਥਿਕ ਤੇ ਵਿੱਤੀ ਗੱਲਬਾਤ ਦੀ ਮੇਜ਼ਬਾਨੀ ਕਰੇਗਾ। ਵਿੱਤ ਮੰਤਰੀ ਨੇ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਇੰਡੋਨੇਸ਼ੀਆ ਵੱਲੋਂ ਦਿੱਤੀ ਹਮਾਇਤ ਲਈ ਧੰਨਵਾਦ ਕੀਤਾ। ਦੋਵਾਂ ਆਗੂਆਂ ਨੇ ਬ੍ਰਿਕਸ, ਯੂਪੀਆਈ ਤੇ ਰੂਪੈ, ਜੀ-20, ਐੱਮਡੀਬੀ ਸੁਧਾਰ, ਦੁਵੱਲੇ ਵਪਾਰ, ਸੈਰ ਸਪਾਟੇ, ਵਿੱਤੀ ਤਕਨੀਕ ਤੇ ਵਿੱਤੀ ਮਾਰਕੀਟਾਂ ’ਤੇ ਚਰਚਾ ਕੀਤੀ।