ਸਿਟ ਵੱਲੋਂ ਮੁਹੰਮਦ ਮੁਸਤਫ਼ਾ ਦੇ ਘਰਾਂ ਦੀ ਜਾਂਚ
ਪੰਜਾਬ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਵਿੱਚ ਬਣਾਈ ਸਿਟ ਨੇ ਦੋ ਥਾਵਾਂ ’ਤੇ ਛਾਪੇ ਮਾਰੇ ਹਨ। ਪੰਚਕੂਲਾ ਦੀ ਸਿਟ ਯੂ ਪੀ ਦੇ ਸਹਾਰਨਪੁਰ ਸਥਿਤ ਮੁਹੰਮਦ ਮੁਸਤਫਾ ਦੇ ਜੱਦੀ ਪਿੰਡ ਵਾਲੇ ਘਰ ਵੀ ਗਈ ਜਿੱਥੋਂ ਡਾਇਰੀ ਕਬਜ਼ੇ ਵਿੱਚ ਲਈ ਗਈ ਹੈ। ਡਾਇਰੀ ਵਿੱਚ ਕੀ ਲਿਖਿਆ ਹੈ ਇਸ ਬਾਰੇ ਹਾਲੇ ਕੋਈ ਪਤਾ ਨਹੀਂ ਚੱਲਿਆ। ਇਸੇ ਤਰ੍ਹਾਂ ਐੱਮ ਡੀ ਸੀ ਸੈਕਟਰ-4 ਪੰਚਕੂਲਾ ਸਥਿਤ ਮੁਸਤਫਾ ਦੇ ਘਰ ਵੀ ਸਿਟ ਦੀ ਟੀਮ ਨੇ ਜਾਂਚ ਕੀਤੀ ਹੈ। ਇੱਥੇ ਹੀ ਕਰਾਈਮ ਬ੍ਰਾਂਚ ਦੀ ਟੀਮ ਨੇ ਵੀ ਜਾਂਚ ਕੀਤੀ ਸੀ।
ਸਿਟ ਦੇ ਮੁਖੀ ਏ ਸੀ ਪੀ ਵਿਕਰਮ ਨਹਿਰਾ ਅਨੁਸਾਰ ਅਜੇ ਤੱਕ ਉਹ ਮੋਬਾਈਲ ਬਰਾਮਦ ਨਹੀਂ ਹੋਇਆ ਜਿਸ ਰਾਹੀਂ ਅਕੀਲ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਲੈਪਟਾਪ ਵੀ ਬਰਾਮਦ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਤੇ ਪੰਜਾਬ ਦੀ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਇਨ੍ਹਾਂ ਦੀ ਬੇਟੀ ਅਤੇ ਅਕੀਲ ਅਖਤਰ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਜੇ ਤੱਕ ਮੁਹੰਮਦ ਮੁਸਤਫਾ ਦੇ ਪਰਿਵਾਰ ਦਾ ਕੋਈ ਮੈਂਬਰ ਸਿਟ ਦੀ ਜਾਂਚ ਵਿੱਚ ਸ਼ਾਮਿਲ ਨਹੀਂ ਹੋਇਆ।
ਹਰਿਆਣਾ ਸਰਕਾਰ ਨੇ ਇਹ ਕੇਸ ਸੀ ਬੀ ਆਈ ਨੂੰ ਤਬਦੀਲ ਕਰਨ ਲਈ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਜਿਸ ਬਾਰੇ ਸੀ ਬੀ ਆਈ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਸਿਟ ਦੀ ਟੀਮ ਪਟਿਆਲਾ ਦੇ ਇੱਕ ਨਸ਼ਾ ਮੁਕਤੀ ਕੇਂਦਰ ਦੀ ਵੀ ਜਾਂਚ ਕਰ ਚੁੱਕੀ ਹੈ।
