ਐੱਸ ਆਈ ਆਰ: ਬਹੁਤੇ ਸੂਬਿਆਂ ’ਚ ਵੋਟਰਾਂ ਨੂੰ ਨਹੀਂ ਦੇਣੇ ਪੈਣਗੇ ਦਸਤਾਵੇਜ਼
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਦੇਸ਼ ਦੇ ਬਹੁਤੇ ਸੂਬਿਆਂ ’ਚ ਅੱਧੇ ਤੋਂ ਵੱਧ ਵੋਟਰਾਂ ਨੂੰ ਐੱਸ ਆਈ ਆਰ ਲਈ ਸੰਭਾਵੀ ਤੌਰ ’ਤੇ ਕੋਈ ਵੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਹ ਸਬੰਧਤ ਸੂਬਿਆਂ ’ਚ ਹੋਈ ਪਿਛਲੀ ਵਿਸ਼ੇਸ਼ ਵਿਆਪਕ ਪੜਤਾਲ (ਐੱਸ ਆਈ ਆਰ) ਮਗਰੋਂ ਤਿਆਰ ਵੋਟਰ ਸੂਚੀਆਂ ’ਚ ਪਹਿਲਾਂ ਹੀ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਬਹੁਤੇ ਸੂਬਿਆਂ ’ਚ ਵੋਟਰ ਸੂਚੀਆਂ ਦੀ ਆਖਰੀ ਵਿਸ਼ੇਸ਼ ਵਿਆਪਕ ਪੜਤਾਲ 2002 ਅਤੇ 2004 ਦੌਰਾਨ ਹੋਈ ਸੀ। ਅਗਲੇ ਸਾਲ ਹੋਣ ਵਾਲੀ ਐੈੱਸ ਆਈ ਆਰ ਲਈ ਉਸ ਸਾਲ ਨੂੰ ਕੱਟ-ਆਫ ਡੇਟ ਦਾ ਆਧਾਰ ਮੰਨਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਜਲਦੀ ਹੀ ਪੂਰੇ ਦੇਸ਼ ਵਿੱਚ ਵਿਸ਼ੇਸ਼ ਵਿਆਪਕ ਪੜਤਾਲ ਦੀ ਸ਼ੁਰੂਆਤ ਲਈ ਤਰੀਕ ਤੈਅ ਕਰੇਗਾ ਅਤੇ ਸੂਬਿਆਂ ’ਚ ਵੋਟਰ ਸੂਚੀਆਂ ਦੀ ਸੁਧਾਈ ਇਹ ਵਰ੍ਹਾ ਖਤਮ ਹੋਣ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ। ਮੁੱਖ ਚੋਣ ਅਧਿਕਾਰੀਆਂ ਨੂੰ ਪਿਛਲੀ ਐੱਸ ਆਈ ਆਰ ਮਗਰੋਂ ਪ੍ਰਕਾਸ਼ਿਤ ਆਪਣੇ ਰਾਜਾਂ ਦੀ ਵੋਟਰਾਂ ਸੂਚੀਆਂ ਤਿਆਰ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਕੁਝ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਪਿਛਲੀ ਵਿਸ਼ੇਸ਼ ਵਿਆਪਕ ਪੜਤਾਲ ਮਗਰੋਂ ਪ੍ਰਕਾਸ਼ਿਤ ਵੋਟਰ ਸੂਚੀਆਂ ਆਪਣੀਆਂ ਵੈੱਬਸਾਈਟਾਂ ’ਤੇ ਅਪਲੋਡ ਕੀਤੀਆਂ ਹੋਈਆਂ ਹਨ।
ਦਿੱਲੀ ’ਚ ਐੱਸ ਆਈ ਆਰ ਸ਼ੁਰੂ ਕਰਨ ਦੀ ਤਿਆਰੀ
ਨਵੀਂ ਦਿੱਲੀ: ਦਿੱਲੀ ਚੋਣ ਕਮਿਸ਼ਨ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਵਿਸ਼ੇਸ਼ ਵਿਆਪਕ ਪੜਤਾਲ (ਐੱਸ ਆਈ ਆਰ) ਸ਼ੁਰੂ ਕਰਨ ਲਈ ਤਿਆਰੀ ਵਿੱਢ ਦਿੱਤੀ ਹੈ ਅਤੇ ਦਿੱਲੀ ਦੇ ਉਨ੍ਹਾਂ ਵੋਟਰਾਂ ਜਿਨ੍ਹਾਂ ਦੇ ਨਾਮ 2002 ਦੀ ਵੋਟਰ ਸੂਚੀ ਵਿੱਚ ਨਹੀਂ ਹਨ, ਨੂੰ ਆਪਣਾ ਨਾਮ ਸ਼ਾਮਲ ਕਰਵਾਉਣ ਲਈ ਸ਼ਨਾਖਤੀ ਸਬੂਤ ਦੇਣਾ ਪਵੇਗਾ। ਐੱਸ ਆਈ ਆਰ ਲਈ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਅਧਿਕਾਰਤ ਬਿਆਨ ਮੁਤਾਬਕ ਚੋਣ ਕਮਿਸ਼ਨ ਨੇ ਵੋਟਰਾਂ ਵੋਟਰ ਸੂਚੀਆਂ ਦੀ ਪਾਰਦਰਸ਼ਤਾ ਬਣਾਈ ਰੱਖਣ ਲਈ ਪੂਰੇ ਦੇਸ਼ ’ਚ ਵਿਸ਼ੇਸ਼ ਵਿਆਪਕ ਪੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਦਫ਼ਤਰ ਨੇ ਵੀ ਇਸ ਪ੍ਰਕਿਰਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਬਿਆਨ ’ਚ ਕਿਹਾ ਗਿਆ ਕਿ ਸਾਰੇ ਅਸੈਂਬਲੀ ਹਲਕਿਆਂ ’ਚ ਬੂਥ ਲੈਵਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ। ਬੀਐੱਲਓ’ਜ਼ ਸਣੇ ਹੋਰ ਅਧਿਕਾਰੀਆਂ ਨੂੰ ਇਸ ਸਬੰਧੀ ਟਰੇਨਿੰਗ ਵੀ ਦਿੱਤੀ ਗਈ ਹੈ। -ਪੀਟੀਆਈ