ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਐੇੱਸ ਆਈ ਆਰ ਸਬੰਧੀ ਪ੍ਰਕਿਰਿਆ ਸ਼ੁਰੂ

ਬੀ ਐੱਲ ਓਜ਼ ਨੂੰ ਜਾਰੀ ਹੋਏ ਵਿਸ਼ੇਸ਼ ਨਿਰਦੇਸ਼; ਸਾਲ 2003 ਅਤੇ 2025 ਦੀਆਂ ਸੂਚੀਆਂ ਦਾ ਕੀਤਾ ਜਾਵੇਗਾ ਮਿਲਾਨ
Advertisement

ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ’ਚ ਵਿਸ਼ੇਸ਼ ਸੁਧਾਈ (ਐੱਸ ਆਈ ਆਰ) ਦੇ ਮੁੱਦੇ ’ਤੇ ਸਿਆਸਤ ਭਖੀ ਹੋਈ ਹੈ ਤਾਂ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐੱਸ ਆਈ ਆਰ) ਸਬੰਧੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਂਝ ਪੰਜਾਬ ’ਚ ਵਿਧਾਨ ਸਭਾ ਚੋਣਾਂ 2027 ’ਚ ਹੋਣੀਆਂ ਹਨ। ਜਾਣਕਾਰੀ ਮੁਤਾਬਕ ਸੂਬੇ ਦੇ ਬੂਥ ਲੈਵਲ ਅਧਿਕਾਰੀਆਂ (ਬੀ ਐਲ ਓਜ਼) ਨੂੰ ਐੱਸ ਆਈ ਆਰ-2026 ਸਿਰਲੇਖ ਹੇਠ ਹੁਕਮ ਜਾਰੀ ਹੋਏ ਹਨ ਕਿ 2003 ਦੀ ਵੋਟਰ ਸੂਚੀ ਦਾ 2025 ਦੀ ਵੋਟਰ ਸੂਚੀ ਨਾਲ ਮਿਲਾਣ ਕੀਤਾ ਜਾਵੇ। ਇਕ ਅਧਿਕਾਰੀ ਨੇ ਕਿਹਾ ਕਿ ਸੂਬੇ ’ਚ ਹੜ੍ਹਾਂ ਕਾਰਨ ਵੋਟਰ ਸੂਚੀਆਂ ’ਚ ਸੁਧਾਈ ਸਬੰਧੀ ਕੰਮ ’ਚ ਦੇਰੀ ਹੋਈ ਹੈ। ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਸਾਲ 2026 ਵਿੱਚ ਪੂਰੀ ਹੋਵੇਗੀ ਅਤੇ ਸੂਚੀ ਬਣਨ ਤੱਕ ਉਮਰ ਆਦਿ ਦੇ ਲਿਹਾਜ਼ ਨਾਲ ਯੋਗ ਵੋਟਰ ਉਸ ਵਿੱਚ ਸ਼ਾਮਲ ਕੀਤੇ ਜਾਣਗੇ। ਫਿਲਹਾਲ ਬੀ ਐੱਲ ਓਜ਼ ਨੂੰ ਜਾਰੀ ਹੋਏ ਹੁਕਮਾਂ ਮੁਤਾਬਕ ਜਿਹੜੇ ਵੋਟਰ 2003 ਦੀ ਸੂਚੀ ਵਿਚ ਸਨ ਪਰ ਮੌਤ ਜਾਂ ਪਰਵਾਸ ਵਰਗੇ ਕਾਰਨਾਂ ਕਾਰਨ ਉਨ੍ਹਾਂ ਦੇ ਨਾਮ ਕੱਟਣ ਬਾਰੇ ਮੌਜੂਦਾ ਸੂਚੀ ’ਚ ਜਾਣਕਾਰੀ ਦਿੱਤੀ ਜਾਵੇ। ਇਸੇ ਤਰ੍ਹਾਂ ਜਿਹੜੇ ਵੋਟਰਾਂ ਦੇ ਨਾਮ 2025 ਦੀ ਸੂਚੀ ਵਿਚ ਹਨ ਪਰ 2003 ਦੀ ਸੂਚੀ ਵਿਚ ਨਹੀਂ ਸਨ, ਉਨ੍ਹਾਂ ਨੂੰ ਨਵੇਂ ਵੋਟਰ ਵਜੋਂ ਮਾਰਕ ਕਰਕੇ ਭੇਜਣ ਦੀ ਹਦਾਇਤ ਕੀਤੀ ਗਈ ਹੈ। ਪਟਿਆਲਾ ਦੇ ਬੀ ਐੱਲ ਓ ਨੇ ਦੱਸਿਆ ਕਿ 2025 ਦੀ ਸੂਚੀ ਵਿਚ ਕਈ ਅਜਿਹੇ ਨਵੇਂ ਵੋਟਰ ਹਨ, ਜਿਨ੍ਹਾਂ ਦੀ ਉਮਰ 40 ਤੋਂ 90 ਸਾਲ ਤੱਕ ਵੀ ਹੈ ਪਰ ਉਹ 2003 ਦੀ ਸੂਚੀ ਵਿੱਚ ਨਹੀਂ ਸਨ, ਜਦਕਿ 2003 ਵਿੱਚ ਉਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਸੀ। ਹਾਲਾਂਕਿ ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਹਾਲੇ ਕੋਈ ਹੁਕਮ ਨਹੀਂ ਮਿਲੇ ਹਨ। ਪਟਿਆਲਾ ਜ਼ਿਲ੍ਹੇ ਦੇ ਬਲਾਕ ਚੋਣ ਅਧਿਕਾਰੀ ਨੇ ਦੱਸਿਆ ਕਿ ਹਾਲੇ ਸਿਰਫ਼ ਸੂਚੀਆਂ ਨੂੰ ਮਿਲਾਉਣ ਦੇ ਹੁਕਮ ਮਿਲੇ ਹਨ ਅਤੇ ਉਸ ਦੀ ਸੁਧਾਈ ਸਬੰਧੀ ਕੋਈ ਨਿਰਦੇਸ਼ ਜਾਰੀ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਸੋਧ ਜਦੋਂ ਵੀ ਹੋਵੇਗੀ, ਵੱਡੇ ਪੱਧਰ ’ਤੇ ਮੁਨਿਆਦੀ ਕਰਵਾ ਕੇ ਕੀਤੀ ਜਾਵੇਗੀ ਪਰ ਹਾਲੇ ਇਸ ਬਾਰੇ ਕੋਈ ਸਮਾਂ-ਸਾਰਨੀ ਵੀ ਤੈਅ ਨਹੀਂ ਹੋਈ ਹੈ। ਬਿਹਾਰ ਵਿੱਚ ਐੱਸ ਆਈ ਆਰ ਦੀ ਪ੍ਰਕਿਰਿਆ ਕਾਫੀ ਵਿਵਾਦਾਂ ਵਿੱਚ ਰਹੀ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਹੋਇਆ ਹੈ।

 

Advertisement

ਸਿਰਫ਼ ਰਿਕਾਰਡ ਅਪਡੇਟ ਕੀਤਾ ਜਾ ਰਿਹੈ: ਸਿਬਿਨ ਸੀ

ਪਟਿਆਲਾ (ਅਮਨ ਸੂਦ): ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੂਬੇ ’ਚ ਐੱਸ ਆਈ ਆਰ ਦਾ ਅਮਲ ਸ਼ੁਰੂ ਕਰਨ ਸਬੰਧੀ ਹੁਕਮ ਜਾਰੀ ਨਹੀਂ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਸਿਰਫ਼ ਰਿਕਾਰਡ ਹੀ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਸੂਚੀਆਂ ’ਚ ਸੁਧਾਈ ਨਹੀਂ ਕੀਤੀ ਜਾ ਰਹੀ। ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਸੂਚੀਆਂ ਦੇ ਮਿਲਾਨ ਦਾ ਅਮਲ ਸ਼ੁਰੂ ਕਰ ਦਿੱਤਾ ਹੈ ਅਤੇ ਇਹ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ’ਚ ਜਮ੍ਹਾਂ ਕਰਵਾਈਆਂ ਜਾਣਗੀਆਂ।

 

ਭਾਜਪਾ ਅਜਿਹੀ ਸਰਗਰਮੀ ਪੂਰੇ ਦੇਸ਼ ’ਚ ਬੰਦ ਕਰੇ: ਚੀਮਾ

ਐੱਸ ਆਈ ਆਰ ਨੂੰ ਭਾਜਪਾ ਦੀ ਕਾਰਵਾਈ ਕਰਾਰ ਦਿੰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਨੂੰ ਇਹ ਕਾਰਵਾਈ ਸਾਰੇ ਦੇਸ਼ ਵਿੱਚੋਂ ਬੰਦ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਬਣਾਉਣ ਵਾਲੇ ਬੀ ਐੱਲ ਓਜ਼ ਦੀ ਪਹਿਲਾਂ ਤੋਂ ਹੀ ਸਖ਼ਤ ਜਵਾਬਦੇਹੀ ਹੈ ਅਤੇ ਸੂਚੀਆਂ ’ਚ ਸੁਧਾਰ ਲਈ ਕੋਈ ਵੱਖਰੀ ਮੁਹਿੰਮ ਚਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜੇ ਭਾਜਪਾ ਨੇ ਹੋਰ ਪਾਰਟੀਆਂ ਦੇ ਵੋਟਰਾਂ ਦੇ ਨਾਮ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਰਟੀ ਪੱਧਰ ’ਤੇ ਇਸ ਬਾਰੇ ਜਲਦੀ ਹੀ ਮੀਟਿੰਗ ਕਰਕੇ ਕੋਈ ਫ਼ੈਸਲਾ ਲਿਆ ਜਾਵੇਗਾ।

Advertisement
Show comments