ਐੱਸ ਆਈ ਆਰ ਸੋਚੀ-ਸਮਝੀ ਸਾਜ਼ਿਸ਼: ਮਮਤਾ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨਵੀਂ ਵੋਟਰ ਸੂਚੀ ਨੂੰ ਲੈ ਕੇ ਕਾਨੂੰਨੀ ਚੁਣੌਤੀਆਂ ਤੋਂ ਬਚਣ ਲਈ ਐੱਸ ਆਈ ਆਰ ਤੋਂ ਬਾਅਦ ਫਰਵਰੀ ’ਚ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ ਕਰੇਗਾ ਅਤੇ ਉਸ ਮਗਰੋਂ ਫੌਰੀ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਮਮਤਾ ਨੇ ਇਥੇ ਰਾਸ ਮੇਲਾ ਮੈਦਾਨ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਐੱਸ ਆਈ ਆਰ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਹੈ ਜੋ 2026 ’ਚ ਚੋਣਾਂ ਤੋਂ ਪਹਿਲਾਂ ਨਾਮ ਹਟਾਉਣ, ਵੋਟਾਂ ਵੰਡਣ ਅਤੇ ਲੋਕਾਂ ਨੂੰ ਡਰਾਉਣ ਲਈ ਘੜੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਲੜਾਈ ਅਦਾਲਤਾਂ ’ਤੇ ਛੱਡਦੇ ਹਨ ਪਰ ਸਿਆਸੀ ਤੌਰ ’ਤੇ ਉਹ ਖੁਦ ਮੈਦਾਨ ’ਚ ਉਤਰਨਗੇ। ਮਮਤਾ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਤ੍ਰਿਣਮੂਲ ਕਾਂਗਰਸ ਨੇ ਐੱਸ ਆਈ ਆਰ ਨੂੰ ਰੋਕ ਦਿੱਤਾ ਹੁੰਦਾ ਤਾਂ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ’ਚ ਰਾਸ਼ਟਰਪਤੀ ਰਾਜ ਲਗਾ ਦੇਣਾ ਸੀ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਵੱਲੋਂ ਐੱਸ ਆਈ ਆਰ ਦੇ ਐਲਾਨ ਨਾਲ ਹੀ ਘੱਟਗਿਣਤੀਆਂ, ਪਰਵਾਸੀ ਕਾਮਿਆਂ ਅਤੇ ਵਿਆਹੀਆਂ ਔਰਤਾਂ ’ਚ ਡਰ ਦਾ ਮਾਹੌਲ ਹੈ। ‘ਸਾਨੂੰ ਇੰਨੇ ਸਾਲ ਦੇਸ਼ ’ਚ ਰਹਿੰਦੇ ਹੋ ਗਏ ਹਨ ਅਤੇ ਹੁਣ ਨਾਗਰਿਕਤਾ ਸਾਬਤ ਕਰਨ ਲਈ ਆਖਿਆ ਜਾ ਰਿਹਾ ਹੈ। ਇਸ ਤੋਂ ਜ਼ਿਆਦਾ ਅਪਮਾਨਜਨਕ ਹੋਰ ਕੀ ਹੋ ਸਕਦਾ ਹੈ।’
