SIR ‘ਸੰਸਥਾਗਤ ਚੋੋਰੀ’, ‘ਵੋਟ ਚੋਰੀ’ ਵਿਚ ਭਾਜਪਾ ਤੇ ਚੋਣ ਕਮਿਸ਼ਨ ਦੀ ‘ਮਿਲੀ ਭੁਗਤ’: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਨੂੰ ‘ਸੰਸਥਾਗਤ ਚੋਰੀ’ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਗਰੀਬਾਂ ਦੇ ਵੋਟ ਪਾਉਣ ਦੇ ਅਧਿਕਾਰ ਨੂੰ ਖੋਹਣ ਦੇ ਉਦੇਸ਼ ਨਾਲ ਇਸ ‘ਚੋਰੀ’ ਨੂੰ ਅੰਜਾਮ ਦੇਣ ਲਈ ਭਾਜਪਾ ਨਾਲ ‘ਸ਼ਰ੍ਹੇਆਮ ਮਿਲੀਭੁਗਤ’ ਕਰ ਰਿਹਾ ਹੈ। ਗਾਂਧੀ ਨੇ ਇਹ ਦੋਸ਼ ਆਪਣੇ ਯੂਟਿਊਬ ਚੈਨਲ ’ਤੇ ਜਾਰੀ ਇੱਕ ਵੀਡੀਓ ਵਿੱਚ ਲਗਾਇਆ ਹੈ ਜਿਸ ਵਿੱਚ ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਬਿਹਾਰ ਵਿੱਚ SIR ਲਿਆਂਦਾ ਗਿਆ ਹੈ ਕਿਉਂਕਿ ਚੋਣ ਕਮਿਸ਼ਨ ਜਾਣਦਾ ਹੈ ਕਿ ‘ਅਸੀਂ ਉਨ੍ਹਾਂ ਦੀ ਚੋਰੀ ਫੜ ਲਈ ਹੈ’। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ (ਈਸੀ) ਅਤੇ ਭਾਜਪਾ ‘ਵੋਟਾਂ ਦੀ ਚੋਰੀ’ ਲਈ ‘ਮਿਲੀਭੁਗਤ’ ਕਰ ਰਹੇ ਹਨ।
ਕਾਬਿਲੇਗੌਰ ਹੈ ਕਿ ਕਾਂਗਰਸ ਆਗੂ ਨੇ ਅਜੇ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਨ੍ਹਾਂ ਨੇ ਦੇਸ਼ ਭਰ ਦੇ ਵੱਖ-ਵੱਖ ਹਲਕਿਆਂ ਵਿੱਚ ਕਥਿਤ ਤੌਰ ’ਤੇ ਵਰਤੇ ਜਾ ਰਹੇ ‘ਵੋਟ ਚੋਰੀ’ ਮਾਡਲ ਵੱਲ ਇਸ਼ਾਰਾ ਕੀਤਾ ਸੀ। ਗਾਂਧੀ ਨੇ ਯੂਟਿਊਬ ’ਤੇ ਜਾਰੀ ਵੀਡੀਓ ਵਿਚ ਕਾਂਗਰਸ ਵੱਲੋਂ ਕੀਤੀ ਗਈ ਜਾਂਚ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਕਰਨਾਟਕ ਦੇ ਇੱਕ ਵਿਧਾਨ ਸਭਾ ਹਲਕੇ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਬਾਰੇ ਦੱਸਿਆ ਹੈ।
ਗਾਂਧੀ ਵੀਡੀਓ ਵਿੱਚ ਜਾਂਚ ਦਾ ਹਵਾਲਾ ਦਿੰਦੇ ਹੋਏ ਆਪਣੇ ਦਾਅਵਿਆਂ ਨੂੰ ਦੁਹਰਾਉਂਦੇ ਹਨ ਕਿ ਕਰਨਾਟਕ ਦੀ ਬੰਗਲੂਰੂ ਕੇਂਦਰੀ ਲੋਕ ਸਭਾ ਸੀਟ ਦੇ ਮਹਾਦੇਵਪੁਰਾ ਵਿਧਾਨ ਸਭਾ ਹਲਕੇ ਵਿੱਚ ਪੰਜ ਤਰ੍ਹਾਂ ਦੀਆਂ ਹੇਰਾਫੇਰੀਆਂ ਰਾਹੀਂ 1 ਲੱਖ ਤੋਂ ਵੱਧ ਵੋਟਾਂ ‘ਚੋਰੀ’ ਕੀਤੀਆਂ ਗਈਆਂ ਸਨ। ਗਾਂਧੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਮਹਾਦੇਵਪੁਰਾ ਵਿਧਾਨ ਸਭਾ ਖੇਤਰ ਵਿੱਚ 1,00,250 ਵੋਟਾਂ ਚੋਰੀ ਕੀਤੀਆਂ ਗਈਆਂ ਸਨ। ਗਾਂਧੀ ਨੇ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਭਾਰਤ ਵਿੱਚ 100 ਤੋਂ ਵੱਧ ਅਜਿਹੀਆਂ ਸੀਟਾਂ ਹਨ, ਜਿੱਥੇ ਇਹੀ ਕੁਝ ਹੋਇਆ ਹੈ।’’ ਰਾਹੁਲ ਨੇ ਵੀਡੀਓ ਵਿਚ ਕਿਹਾ, ‘‘ਜੇਕਰ ਭਾਜਪਾ ਕੋਲ 10-15 ਸੀਟਾਂ ਘੱਟ ਹੁੰਦੀਆਂ, ਤਾਂ ਮੋਦੀ ਪ੍ਰਧਾਨ ਮੰਤਰੀ ਨਾ ਹੁੰਦੇ ਅਤੇ ਇੱਕ ‘ਇੰਡੀਆ’ ਗੱਠਜੋੜ ਦੀ ਸਰਕਾਰ ਹੁੰਦੀ।’’