ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਸਆਈਆਰ: ਇੰਡੀਆ ਗੱਠਜੋੜ ਵੱਲੋਂ ਸੰਸਦ ਦੇ ਬਾਹਰ ਮੁਜ਼ਾਹਰਾ

ਬਿਹਾਰ ’ਚ ਐੱਸਆਈਆਰ ਪ੍ਰਕਿਰਿਆ ਬੰਦ ਕਰਨ ਦੀ ਮੰਗ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਮਾਜਵਾਦੀ ਪਾਰਟੀ ਪ੍ਰਮੁੱਖ ਅਖਿਲੇਸ਼ ਯਾਦਵ, ਟੀਐੱਮਸੀ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ, ਕਲਿਆਣ ਬੈਨਰਜੀ ਅਤੇ ਇੰਡੀਆ ਬਲਾਕ ਦੇ ਹੋਰ ਆਗੂ ਸੰਸਦ ਭਵਨ ਵਿੱਚ ਮੁਜ਼ਾਹਰਾ ਕਰਦੇ ਹੋਏ। -ਫੋਟੋ: ਏਐੱਨਆਈ
Advertisement

ਬਿਹਾਰ ’ਚ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ (ਐੱਸਆਈਆਰ) ਖ਼ਿਲਾਫ਼ ਅੱਜ ਸੰਸਦ ਭਵਨ ਕੰਪਲੈਕਸ ’ਚ ਇੰਡੀਆ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਕਈ ਸੰਸਦ ਮੈਂਬਰਾਂ ਨੇ ਮੁਜ਼ਾਹਰਾ ਕੀਤਾ।

ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਇੰਡੀਆ ਬਲਾਕ ਦੇ ਸੰਸਦ ਮੈਂਬਰਾਂ ਨੇ ‘ਵੋਟ ਚੋਰ, ਗੱਦੀ ਛੋੜ’ ਅਤੇ ‘ਵੋਟ ਚੋਰੀ ਬੰਦ ਕਰੋ’ ਦੇ ਨਾਅਰੇ ਲਾਏ ਗਏ। ਉਨ੍ਹਾਂ ਇੱਕ ਵੱਡਾ ਬੈਨਰ ਵੀ ਫੜਿਆ ਹੋਇਆ ਸੀ ਜਿਸ ’ਤੇ ‘ਵੋਟ ਚੋਰੀ ਬੰਦ ਕਰੋ’ ਲਿਖਿਆ ਹੋਇਆ ਸੀ ਅਤੇ ‘ਐੱਸਆਈਆਰ ਬੰਦ ਕਰੋ’ ਦੀ ਮੰਗ ਵਾਲੇ ਪੋਸਟਰ ਵੀ ਫੜੇ ਹੋਏ ਸਨ।

Advertisement

ਕਾਂਗਰਸ, ਟੀਐੱੱਮਸੀ, ਡੀਐੱਮਕੇ, ਖੱਬੀਆਂ ਧਿਰਾਂ ਅਤੇ ਆਰਜੇਡੀ ਤੇ ਸਮਾਜਵਾਦੀ ਪਾਰਟੀ ਦੇ ਆਗੂ ਸੰਸਦ ਦੇ ਮਕਰ ਦੁਆਰ ਦੇ ਠੀਕ ਬਾਹਰ ਪੋਸਟਰ ਤੇ ਬੈਨਰ ਲੈ ਕੇ ਖੜ੍ਹੇ ਹੋਏ ਸਨ। ਸਮਾਜਵਾਦੀ ਪਾਰਟੀ ਦੇ ਕੁਝ ਮੈਂਬਰਾਂ ਨੇ ਆਪਣੇ ਨੇਤਾ ਅਖਿਲੇਸ਼ ਯਾਦਵ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਦੀਆਂ ਕਾਪੀਆਂ ਵੀ ਫੜੀਆਂ ਹੋਈਆਂ ਸਨ ਜਿਸ ’ਚ ਚੋਣ ਕਮਿਸ਼ਨ ’ਤੇ ਪੱਛੜੇ ਭਾਈਚਾਰੇ ਦੇ ਵੋਟਰਾਂ ਦੇ ਨਾਂ ਹਟਾਉਣ ਦਾ ਦੋਸ਼ ਲਾਇਆ ਗਿਆ ਸੀ।

ਖੜਗੇ ਨੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਦੀ ਵੀਡੀਓ ਸਾਂਝੀ ਕਰਦਿਆਂ ਐਕਸ ’ਤੇ ਕਿਹਾ, ‘ਚੋਣ ਕਮਿਸ਼ਨ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟ ਸਕਦਾ ਅਤੇ ਨਾ ਹੀ ਸਿਆਸੀ ਪਾਰਟੀਆਂ ਦੇ ਜਾਇਜ਼ ਸਵਾਲਾਂ ਤੋਂ ਬਚ ਸਕਦਾ ਹੈ। ‘ਵੋਟ ਦਾ ਅਧਿਕਾਰ’ ਭਾਰਤ ਦੇ ਸੰਵਿਧਾਨ ਵੱਲੋਂ ਸਾਨੂੰ ਦਿੱਤਾ ਗਿਆ ਸਭ ਤੋਂ ਮਹੱਤਵਪੂਰਨ ਅਧਿਕਾਰ ਹੈ।

ਪੱਛੜੇ ਵਰਗ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ: ਅਖਿਲੇਸ਼

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਮੌਰਿਆ, ਪਾਲ, ਭਗੇਲ ਤੇ ਰਾਠੌੜ ਭਾਈਚਾਰਿਆਂ ਸਮੇਤ ਕਈ ਪੱਛੜੇ ਸਮੂਹਾਂ ਦੇ ਵੋਟਰਾਂ ਦੇ ਨਾਂ ਵੋਟਰ ਸੂਚੀ ’ਚੋਂ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ, ‘ਸੱਚਾਈ ਇਹ ਹੈ ਕਿ ਉਨ੍ਹਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ। ਸਪਾ ਨੇ ਪਹਿਲਾਂ ਵੀ ਇਹ ਮੁੱਦਾ ਚੁੱਕਿਆ ਸੀ ਪਰ ਇਹ ਸਮਝਣਾ ਜ਼ਰੂਰੀ ਹੈ ਕਿ ਪੱਛੜੇ ਵਰਗਾਂ ਦੀਆਂ ਵੋਟਾਂ ਕੱਟਣ ਲਈ ਜਾਣ-ਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਜਦਕਿ ਦਰਸਾਇਆ ਇਹ ਜਾ ਰਿਹਾ ਹੈ ਕਿ ਇਹ ਵੋਟਾਂ ਕਿਤੇ ਹੋਰ ਜਾ ਰਹੀਆਂ ਹਨ।’

‘ਨੁਕਸਦਾਰ’ ਜੀਐੱਸਟੀ ਦੀ ਆਲੋਚਨਾ ਸਹੀ ਸਾਬਤ ਹੋਈ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੀਐੱਸਟੀ ਢਾਂਚੇ ਨੂੰ ਸਰਲ ਬਣਾਉਣ ਦਾ ਵਾਅਦਾ ਕੀਤੇ ਜਾਣ ਮਗਰੋਂ ‘ਨੁਕਸਦਾਰ’ ਜੀਐੱਸਟੀ ਦੀ ਆਲੋਚਨਾ ਸਹੀ ਸਾਬਤ ਹੋਈ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਦਾਅਵਾ ਕੀਤਾ ਕਿ ਅਰਥਚਾਰਾ ਜੀਐੱਸਟੀ 1.0 ਅਤੇ ਨੋਟਬੰਦੀ ਦੇ ‘ਮੋਦੀ ਵੱਲੋਂ ਦਿੱਤੇ ਗਏ ਦੋਹਰੇ ਝਟਕਿਆਂ’ ਤੋਂ ਕਦੀ ਉੱਭਰ ਨਹੀਂ ਸਕਿਆ ਹੈ। ਰਮੇਸ਼ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘2004 ਦੀ ਵਿਜੈ ਕੇਲਕਰ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਹੀ ਸ੍ਰੀ ਪੀ ਚਿਦੰਬਰਮ ਦੇ 28 ਫਰਵਰੀ 2006 ਦੇ ਬਜਟ ਭਾਸ਼ਣ ’ਚ ਜੀਐੱਸਟੀ ਦਾ ਪਹਿਲਾ ਐਲਾਨ ਕੀਤਾ ਗਿਆ ਸੀ। ਇੱਥੇ ਡਾ. ਕੇਲਕਰ ਅਤੇ ਉਨ੍ਹਾਂ ਦੇ ਸਹਿਸੋਗੀ ਜੀਐੱਸਟੀ 2.0 ਲਈ ਆਪਣੇ ਸੁਝਾਅ ਦੇ ਰਹੇ ਹਨ।’ ਉਨ੍ਹਾਂ ਕਿਹਾ, ‘ਕਾਂਗਰਸ ਇੱਕ ਜੁਲਾਈ 2017 ਨੂੰ ਲਾਗੂ ਕੀਤੇ ਗਏ ਨੁਕਸਦਾਰ ਜੀਐੱਸਟੀ 1.0 ਦੀ ਆਲੋਚਨਾ ’ਤੇ ਸਹੀ ਸਾਬਤ ਹੋਈ ਹੈ, ਜਿਸ ਨੇ ਅੱਠ ਨਵੰਬਰ 2016 ਦੀ ਨੋਟਬੰਦੀ ਤੋਂ ਬਾਅਦ ਦੂਜਾ ਗੰਭੀਰ ਝਟਕਾ ਦਿੱਤਾ। ਅਰਥਚਾਰਾ ਮੋਦੀ ਵੱਲੋਂ ਦਿੱਤੇ ਗਏ ਇਨ੍ਹਾਂ ਦੋਹਰੇ ਝਟਕਿਆਂ ’ਚੋਂ ਕਦੀ ਉਭਰ ਨਹੀਂ ਸਕਿਆ ਹੈ।’ -ਪੀਟੀਆਈ

Advertisement