SIR BLO Death: ਮੱਧ ਪ੍ਰਦੇਸ਼ ਤੇ ਬੰਗਾਲ ਵਿਚ SIR ਦੇ ਕੰਮ ’ਚ ਲੱਗੇ ਤਿੰਨ BLO’s ਦੀ ਮੌਤ
ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਵਿਚ ਲੱਗੇ ਬੂਥ ਪੱਧਰ ਦੇ ਅਧਿਕਾਰੀਆਂ (BLO) ਦੀ ਮੌਤ ਤੇ ਗੁੰਮਸ਼ੁਦਗੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਮੱਧ ਪ੍ਰਦੇਸ਼ ਦੇ ਰਾਏਸੇਨ ਤੇ ਦਮੋਹ ਜ਼ਿਲ੍ਹਿਆਂ ਵਿਚ ਦੋ ਬੀਐੱਲਓ ਦੀ ਬਿਮਾਰੀ ਕਰਕੇ ਮੌਤ ਹੋ ਗਈ ਹਾਲਾਂਕਿ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵਧੇਰੇ ਕੰਮ ਦਾ ਬੋਝ ਤੇ ਟੀਚਾ ਪੂਰਾ ਨਾ ਹੋਣ ’ਤੇ ਕਾਰਵਾਈ ਦੇ ਡਰ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਹੈ।
ਇੱਕ ਹੋਰ ਬੀਐਲਓ ਨਾਰਾਇਣ ਦਾਸ ਸੋਨੀ, ਰਾਏਸੇਨ ਵਿੱਚ ਪਿਛਲੇ ਛੇ ਦਿਨਾਂ ਤੋਂ ਲਾਪਤਾ ਹੈ। ਇਸ ਦੌਰਾਨ ਬੀਐਲਓ ਰਿੰਕੂ ਤਰਫਦਾਰ ਦੀ ਲਾਸ਼ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਲਟਕਦੀ ਮਿਲੀ। ਪਰਿਵਾਰ ਨੇ ਖੁਦਕੁਸ਼ੀ ਲਈ SIR ਦੇ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ। ਸੂਤਰਾਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (SIR) ਲਈ ਸਰਵੇਖਣ ਕਰ ਰਹੇ ਦੋ ਅਧਿਆਪਕ-ਕਮ-ਬੂਥ-ਪੱਧਰ ਦੇ ਅਧਿਕਾਰੀਆਂ (ਬੀਐਲਓ) ਦੀ ਸ਼ੁੱਕਰਵਾਰ ਨੂੰ ਰਾਏਸੇਨ ਅਤੇ ਦਮੋਹ ਜ਼ਿਲ੍ਹਿਆਂ ਵਿੱਚ "ਬਿਮਾਰੀ" ਕਾਰਨ ਮੌਤ ਹੋ ਗਈ।
ਹਾਲਾਂਕਿ, ਮ੍ਰਿਤਕ ਅਧਿਆਪਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਉਨ੍ਹਾਂ ਦੀ ਮੌਤ ਦਾ ਕਾਰਨ ਜ਼ਿਆਦਾ ਕੰਮ ਅਤੇ ਜਨਗਣਨਾ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਦਬਾਅ ਨੂੰ ਦੱਸਿਆ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਰਾਏਸੇਨ ਜ਼ਿਲ੍ਹੇ ਵਿੱਚ ਇੱਕ ਬੀਐਲਓ ਪਿਛਲੇ ਛੇ ਦਿਨਾਂ ਤੋਂ ਲਾਪਤਾ ਹੈ, ਅਤੇ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਦੇਰ ਰਾਤ ਮਰਨ ਵਾਲੇ ਦੋ ਬੀਐਲਓਜ਼ ਦੀ ਪਛਾਣ ਰਮਾਕਾਂਤ ਪਾਂਡੇ ਅਤੇ ਸੀਤਾਰਾਮ ਗੋਂਡ (50) ਵਜੋਂ ਹੋਈ ਹੈ। ਉਹ ਰਾਏਸੇਨ ਅਤੇ ਦਮੋਹ ਜ਼ਿਲ੍ਹਿਆਂ ਵਿੱਚ ਤਾਇਨਾਤ ਸਨ। ਭੋਜਪੁਰ ਵਿਧਾਨ ਸਭਾ ਹਲਕੇ ਦੇ ਸਬ-ਡਿਵੀਜ਼ਨਲ ਅਫਸਰ (ਐਸਡੀਓ) ਅਤੇ ਚੋਣ ਰਜਿਸਟ੍ਰੇਸ਼ਨ ਅਫਸਰ ਚੰਦਰਸ਼ੇਖਰ ਸ਼੍ਰੀਵਾਸਤਵ ਨੇ ਸ਼ਨਿੱਚਰਵਾਰ ਨੂੰ ਪੀਟੀਆਈ ਨੂੰ ਦੱਸਿਆ, ‘‘ਸਤਲਾਪੁਰ ਇਲਾਕੇ ਦੇ ਇੱਕ ਅਧਿਆਪਕ ਰਮਾਕਾਂਤ ਪਾਂਡੇ, ਮੰਡੀਦੀਪ ਵਿੱਚ ਵੋਟਰ ਸੂਚੀ ਤਸਦੀਕ ਮੁਹਿੰਮ ’ਤੇ ਕੰਮ ਕਰ ਰਹੇ ਸਨ। ਸ਼ੁੱਕਰਵਾਰ ਦੇਰ ਰਾਤ ਕਿਸੇ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ।’’
ਜਦੋਂ ਪਾਂਡੇ ਦੀ ਮੌਤ ਦੇ ਸਹੀ ਕਾਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, ‘‘ਅਸੀਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ।’’ ਸ੍ਰੀਵਾਸਤਵ ਨੇ ਕਿਹਾ ਕਿ ਲਾਪਤਾ ਬੀਐਲਓ ਦੀ ਪਛਾਣ ਭਵਿਆ ਸਿਟੀ ਵਿੱਚ ਰਹਿਣ ਵਾਲੇ ਇੱਕ ਅਧਿਆਪਕ ਨਾਰਾਇਣ ਦਾਸ ਸੋਨੀ ਵਜੋਂ ਹੋਈ ਹੈ। ਉਹ ਕਿਸੇ ਨੂੰ ਦੱਸੇ ਬਿਨਾਂ ਘਰੋਂ ਚਲਾ ਗਿਆ ਸੀ ਅਤੇ ਛੇ ਦਿਨਾਂ ਤੋਂ ਲਾਪਤਾ ਹੈ।
ਪੁਲੀਸ ਅਤੇ ਸੋਨੀ ਦਾ ਪਰਿਵਾਰ ਉਸ ਦੀ ਭਾਲ ਕਰ ਰਹੇ ਹਨ। ਇਸ ਦੌਰਾਨ, ਪਾਂਡੇ ਦੀ ਪਤਨੀ ਰੇਖਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਤਿਲਖੇੜੀ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਤਾਇਨਾਤ ਸੀ ਅਤੇ ਉਸ ਨੂੰ ਵੋਟਰ ਸੂਚੀ ਦੀ ਵਿਆਪਕ ਸੋਧ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਹ ਭਾਰੀ ਕੰਮ ਦੇ ਬੋਝ ਨਾਲ ਜੂਝ ਰਿਹਾ ਸੀ, ਜਿਸ ਕਾਰਨ ਉਸ ਨੂੰ ਨਿਰਧਾਰਤ ਕੰਮ ਨੂੰ ਪੂਰਾ ਕਰਨ ਲਈ ਹਰ ਰਾਤ ਲੰਬੇ ਘੰਟੇ ਕੰਮ ਕਰਨਾ ਪੈਂਦਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪਾਂਡੇ ਨੂੰ ਕੰਮ ਪੂਰਾ ਕਰਨ ਲਈ ਫ਼ੋਨ ’ਤੇ ਲਗਾਤਾਰ ਹਦਾਇਤਾਂ ਮਿਲਦੀਆਂ ਸਨ।
ਰੇਖਾ ਪਾਂਡੇ ਨੇ ਦਾਅਵਾ ਕੀਤਾ ਕਿ ਟੀਚੇ ਪੂਰੇ ਨਹੀਂ ਹੋਏ ਅਤੇ ਉਹ ਪਿਛਲੀਆਂ ਚਾਰ ਰਾਤਾਂ ਤੋਂ ਸੁੱਤਾ ਨਹੀਂ ਹੈ। ਉਸ ਨੇ ਕਿਹਾ ਕਿ ਉਸ ਦਾ ਪਤੀ ਮੁਅੱਤਲੀ ਤੋਂ ਡਰਦਾ ਸੀ। ਉਸ ਨੇ ਕਿਹਾ, ‘‘ਉਹ(ਰਮਾਕਾਂਤ ਪਾਂਡੇ) ਵੀਰਵਾਰ ਰਾਤ 9.30 ਵਜੇ ਦੇ ਕਰੀਬ ਇੱਕ ਔਨਲਾਈਨ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਬਾਥਰੂਮ ਜਾਣ ਤੋਂ ਤੁਰੰਤ ਬਾਅਦ ਡਿੱਗ ਪਏ। ਉਸ ਨੂੰ ਪਹਿਲਾਂ ਭੋਪਾਲ ਦੇ ਨੋਬਲ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਏਮਜ਼ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।’’
ਐਸਡੀਓ ਸ੍ਰੀਵਾਸਤਵ ਨੇ ਕਿਹਾ ਕਿ ਪਾਂਡੇ ਦੇ ਪਰਿਵਾਰਕ ਮੈਂਬਰਾਂ ਨੂੰ ਨਿਯਮਾਂ ਅਨੁਸਾਰ ਸਹਾਇਤਾ ਅਤੇ ਤਰਸਯੋਗ ਨਿਯੁਕਤੀ ਮਿਲੇਗੀ। ਜ਼ਿਲ੍ਹਾ ਸਿੱਖਿਆ ਅਧਿਕਾਰੀ ਐਸ ਕੇ ਨੇਮਾ ਨੇ ਸ਼ਨਿੱਚਰਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਦਮੋਹ ਜ਼ਿਲ੍ਹੇ ਦੇ ਰਾਂਜਰਾ ਪਿੰਡ ਵਿੱਚ ਬੀਐਲਓ ਵਜੋਂ ਕੰਮ ਕਰਨ ਵਾਲਾ ਅਧਿਆਪਕ ਗੋਂਡ ਵੀਰਵਾਰ ਸ਼ਾਮ ਨੂੰ ਗਿਣਤੀ ਫਾਰਮ ਭਰਦੇ ਸਮੇਂ ਬਿਮਾਰ ਹੋ ਗਿਆ।
ਅਧਿਕਾਰੀ ਨੇ ਕਿਹਾ, ‘‘ਉਸ ਨੂੰ ਦਮੋਹ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਪਰ ਗੰਭੀਰ ਹਾਲਤ ਕਰਕੇ ਬਿਹਤਰ ਇਲਾਜ ਲਈ ਜਬਲਪੁਰ ਜ਼ਿਲ੍ਹੇ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਸ਼ੁੱਕਰਵਾਰ ਰਾਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।’’ ਗੋਂਡ ਦੇ ਦੋਸਤਾਂ ਨੇ ਦਾਅਵਾ ਕੀਤਾ ਕਿ ਉਸ ਨੂੰ ਰਾਂਜਰਾ ਅਤੇ ਕੁਦਰਾ ਕੁਦਨ ਪਿੰਡਾਂ ਵਿੱਚ ਗਿਣਤੀਕਾਰ ਦੀ ਡਿਊਟੀ ਸੌਂਪੀ ਗਈ ਸੀ। ਉਹ ਦਬਾਅ ਹੇਠ ਸੀ ਕਿਉਂਕਿ ਉਸਨੂੰ 1,319 ਵੋਟਰਾਂ ਨੂੰ ਕਵਰ ਕਰਨਾ ਸੀ, ਪਰ ਉਹ ਸਿਰਫ 13 ਫੀਸਦ ਕੰਮ ਹੀ ਪੂਰਾ ਕਰ ਸਕਿਆ।
ਇਸ ਤੋਂ ਪਹਿਲਾਂ, ਬੀਐਲਓ ਸ਼ਿਆਮ ਸੁੰਦਰ ਸ਼ਰਮਾ ਦੀ ਦਮੋਹ ਜ਼ਿਲ੍ਹੇ ਦੇ ਜਬੇਰਾ ਵਿਧਾਨ ਸਭਾ ਹਲਕੇ ਦੇ ਤੇਂਦੂਖੇੜਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹ ਐਸਆਈਆਰ ਵਿੱਚ ਕੰਮ ਕਾਰਨ ਬਹੁਤ ਦਬਾਅ ਹੇਠ ਸਨ ਅਤੇ ਉਨ੍ਹਾਂ ਨੂੰ ਮੁਅੱਤਲ ਕਰਨ ਦੀ ਧਮਕੀ ਦਿੱਤੀ ਗਈ ਸੀ।
ਇਸ ਦੌਰਾਨ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਬੂਥ ਲੈਵਲ ਅਫਸਰ (ਬੀਐਲਓ) ਵਜੋਂ ਕੰਮ ਕਰਨ ਵਾਲੀ ਇੱਕ ਔਰਤ ਸ਼ਨਿੱਚਰਵਾਰ ਸਵੇਰੇ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ। ਪੁਲੀਸ ਮੁਤਾਬਕ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਹ ਵੋਟਰ ਸੂਚੀ ਦੀਆਂ ਵਿਸ਼ੇਸ਼ ਵਿਆਪਕ ਸੋਧ ਨਾਲ ਸਬੰਧਤ ਕੰਮ ਕਾਰਨ ਬਹੁਤ ਤਣਾਅ ਵਿੱਚ ਸੀ ਅਤੇ ਇਸੇ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਉਧਰ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (SIR) ਲਈ ਬੂਥ ਲੈਵਲ ਅਫਸਰ (BLO) ਵਜੋਂ ਤਾਇਨਾਤ ਇੱਕ ਸਕੂਲ ਅਧਿਆਪਕ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਦਾ ਦਾਅਵਾ ਹੈ ਕਿ ਉਸ ਨੇ ਇੱਕ ਸੁਸਾਈਡ ਨੋਟ ਛੱਡਿਆ ਹੈ, ਜਿਸ ਵਿੱਚ ‘ਮਾਨਸਿਕ ਤਣਾਅ ਅਤੇ ਕੰਮ ਦੇ ਦਬਾਅ’ ਦਾ ਕਾਰਨ ਦੱਸਿਆ ਗਿਆ ਹੈ।
