ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਸਾਮ: ਗਾਇਕ ਜ਼ੁਬੀਨ ਗਰਗ ਦਾ ਰਾਜਕੀ ਸਨਮਾਨ ਨਾਲ ਸਸਕਾਰ

ਭੈਣ ਪਾਲਮੇ ਬੋਰਠਾਕੁਰ ਤੇ ਸੰਗੀਤਕਾਰ ਰਾਹੁਲ ਗੌਤਮ ਨੇ ਦਿੱਤੀ ਚਿਖਾ ਨੂੰ ਅਗਨੀ, ਅਸਾਮ ਪੁਲੀਸ ਵੱਲੋਂ ਬੰਦੂਕਾਂ ਨਾਲ ਸਲਾਮੀ
Advertisement

ਗਾਇਕ ਜ਼ੁਬੀਨ ਗਰਗ ਦਾ ਅੱਜ ਗੁਹਾਟੀ ਦੇ ਬਾਹਰਵਾਰ ਕਾਮਰਕੁਚੀ ਦੇ ਜੰਗਲੀ ਖੇਤਰ ਵਿਚ ਵੈਦਿਕ ਮੰਤਰਾਂ ਦੇ ਜਾਪ ਵਿਚਕਾਰ ਅੰਤਿਮ ਸੰਸਕਾਰ ਕੀਤਾ ਗਿਆ  ਗਾਇਕ ਦੀ ਭੈਣ ਪਾਲਮੇ ਬੋਰਠਾਕੁਰ ਅਤੇ ਸੰਗੀਤਕਾਰ ਰਾਹੁਲ ਗੌਤਮ, ਜੋ ਗਾਇਕ ਦਾ ਚੇਲਾ ਵੀ ਸੀ, ਨੇ ਬੰਦੂਕਾਂ ਦੀ ਸਲਾਮੀ ਵਿਚਕਾਰ ਜ਼ੁਬੀਨ ਦੀ ਚਿਖਾ ਨੂੰ ਅਗਨੀ ਦਿੱਤੀ। ਜ਼ੁਬੀਨ ਦੀ ਪਤਨੀ ਗਰਿਮਾ ਸੈਕੀਆ ਗਰਗ ਅੰਤਿਮ ਸੰਸਕਾਰ ਵਾਲੇ ਮੰਚ ਦੇ ਇਕ ਕੋਨੇ ’ਤੇ ਬੈਠੀ ਰਹੀ ਤੇ ਅੰਤਿਮ ਰਸਮਾਂ ਦੌਰਾਨ ਉਸ ਦੀਆਂ ਅੱਖਾਂ ’ਚੋਂ ਅੱਥਰੂ ਡਿੱਗਦੇ ਰਹੇ।

ਜਿਵੇਂ ਹੀ ਚਿਖਾ ਨੂੰ ਅਗਨੀ ਦਿਖਾਈ ਗਈ ਤਾਂ ਹਵਾ ਵਿਚ ‘ਜ਼ੁਬੀਨ, ਜ਼ੁਬੀਨ’ ਦੇ ਨਾਅਰੇ ਗੂੰਜ ਰਹੇ ਸਨ। ਉਥੇ ਮੌਜੂਦ ਜ਼ੁਬੀਨ ਦੇ ਪ੍ਰਸ਼ੰਸਕ ਉਸ ਦਾ ਗੀਤ ‘ਮਾਇਆਬਿਨੀ ਰਾਤਿਰ ਬੁੱਕੂ' ਗਾਉਂਦੇ ਨਜ਼ਰ ਆਏ। ਗਾਇਕ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਅਸਾਮ ਪੁਲੀਸ ਨੇ ਬੰਦੂਕਾਂ ਦੀ ਸਲਾਮੀ ਦਿੱਤੀ ਅਤੇ ਬਿਗਲ ਵਜਾਇਆ।

Advertisement

ਅੰਤਿਮ ਰਸਮਾਂ ਮੌਕੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਕਿਰਨ ਰਿਜਿਜੂ ਤੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਵੀ ਮੌਜੂਦ ਸਨ। ਚੰਦਨ ਦੇ ਰੁੱਖ ਦੀ ਇੱਕ ਟਾਹਣੀ, ਜਿਸ ਨੂੰ ਜ਼ੁਬੀਨ ਨੇ 2017 ਵਿੱਚ ਆਪਣੇ ਜਨਮਦਿਨ ’ਤੇ ਲਗਾਇਆ ਸੀ, ਨੂੰ ਚਿਖਾ ’ਤੇ ਰੱਖਿਆ ਗਿਆ।

ਇਸ ਤੋਂ ਪਹਿਲਾਂ ਅੱਜ ਸਵੇਰੇ ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਦੂਜੇ ਪੋਸਟਮਾਰਟਮ ਮਗਰੋਂ ਗਾਇਕ ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਵਾਪਸ ਅਰਜੁਨ ਭੋਗੇਸ਼ਵਰ ਬਰੂਆ ਸਪੋਰਟਸ ਕੰਪਲੈਕਸ ਲਿਆਂਦੀ ਗਈ, ਜਿੱਥੇ ਐਤਵਾਰ ਤੋਂ ਲੱਖਾਂ ਪ੍ਰਸ਼ੰਸਕਾਂ, ਸ਼ੁਭਚਿੰਤਕਾਂ ਅਤੇ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਜ਼ੁਬੀਨ ਦੀਆਂ ਅੰਤਿਮ ਰਸਮਾਂ ਵਿਚ ਮੁੱਖ ਮੰਤਰੀ ਤੋਂ ਇਲਾਵਾ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰੀਆ, ਗੁਹਾਟੀ ਹਾਈ ਕੋਰਟ ਦੇ ਮੁੱਖ ਜੱਜ ਆਸ਼ੂਤੋਸ਼ ਕੁਮਾਰ, ਵਿਧਾਨ ਸਭਾ ਸਪੀਕਰ ਬਿਸਵਜੀਤ ਦੈਮਾਰੀ, ਵਿਰੋਧੀ ਧਿਰ ਦੇ ਨੇਤਾ ਦੇਬਬ੍ਰਤ ਸੈਕੀਆ ਅਤੇ ਆਲ ਅਸਾਮ ਸਟੂਡੈਂਟਸ ਯੂਨੀਅਨ (ਏਏਐਸਯੂ) ਦੇ ਨੁਮਾਇੰਦੇ ਮੌਜੂਦ ਸਨ।

 

ਗਾਇਕ ਦੀ ਦੇਹ ਨੂੰ ਰਵਾਇਤੀ ਅਸਮੀ ‘ਗਾਮੋਸਾ’ ਵਿਚ ਲਪੇਟ ਕੇ ਸ਼ੀਸ਼ੇ ਦੇ ਤਾਬੂਤ ਵਿਚ ਰੱਖਿਆ ਗਿਆ ਸੀ। ਤਾਬੂਤ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ਵਿੱਚ ਲਿਜਾਇਆ ਗਿਆ ਤੇ ਇਸ ਦੇ ਅੱਗੇ ਗਾਇਕ ਦੀ ਇੱਕ ਵੱਡੀ ਸ਼ਿਆਮ ਸ਼ਵੇਤ ਤਸਵੀਰ ਰੱਖੀ ਸੀ। ਗਾਇਕ ਦਾ ਪਰਿਵਾਰ, ਜਿਸ ਵਿੱਚ ਉਸ ਦੇ 85 ਸਾਲਾ ਪਿਤਾ ਅਤੇ ਪਤਨੀ ਗਰਿਮਾ ਸੈਕੀਆ ਸ਼ਾਮਲ ਸਨ, ਵੱਖ-ਵੱਖ ਵਾਹਨਾਂ ਵਿੱਚ ਉਸ ਦੇ ਪਿੱਛੇ-ਪਿੱਛੇ ਸਨ।

ਹਜ਼ਾਰਾਂ ਪ੍ਰਸ਼ੰਸਕ ਗਾਇਕ ਦੀ ਮ੍ਰਿਤਕ ਦੇਹ ਵਾਲੀ ਗੱਡੀ ਦੇ ਨਾਲ-ਨਾਲ ਅਤੇ ਪਿੱਛੇ ਚੱਲ ਰਹੇ ਸਨ। ਜ਼ੁਬੀਨ ਦਾ ਅੰਤਿਮ ਸੰਸਕਾਰ ਸਪੋਰਟਸ ਕੰਪਲੈਕਸ ਤੋਂ ਕਰੀਬ 20 ਕਿਲੋਮੀਟਰ ਦੂਰ ਕਮਾਰਕੁਚੀ ਐਨਸੀ ਪਿੰਡ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ

ਇਸ ਤੋਂ ਪਹਿਲਾਂ ਅੱਜ ਦਿਨੇ ਗੁਹਾਟੀ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਗਾਇਕ ਜ਼ੁਬੀਨ ਗਰਗ ਦੀ ਦੇਹ ਦਾ ਦੂਜੀ ਵਾਰ ਪੋਸਟਮਾਰਟਮ ਕੀਤਾ ਗਿਆ। ਮ੍ਰਿਤਕ ਦੇਹ ਨੂੰ ਹਸਪਤਾਲ ਵਿਚ ਲਿਜਾਏ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਅਰਜੁਨ ਭੋਗੇਸ਼ਵਰ ਬਰੂਆ ਖੇਡ ਕੰਪਲੈਕਸ ਵਿਚ ਜਾ ਕੇ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ।

ਗਾਇਕ ਦੀ ਅੰਤਿਮ ਯਾਤਰਾ ਦੇ ਮੱਦੇਨਜ਼ਰ ਸਨਮਾਨ ਵਜੋਂ ਪੂਰੇ ਸੂਬੇ ਵਿਚ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਸਨ, ਜਦੋਂ ਕਿ ਸਰਕਾਰੀ ਦਫ਼ਤਰ ਸਿਰਫ਼ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਬੰਦ ਕੀਤੇ ਗਏ ਸਨ। ਸੂਬੇ ਭਰ ਵਿੱਚ ਕਈ ਥਾਵਾਂ ’ਤੇ ਵੱਡੀਆਂ LED ਸਕਰੀਨਾਂ ਲਗਾਈਆਂ ਗਈਆਂ ਤਾਂ ਜੋ ਪ੍ਰਸ਼ੰਸਕ ਗਰਗ ਦੀ ਅੰਤਿਮ ਯਾਤਰਾ ਨੂੰ ਦੇਖ ਸਕਣ।

ਸੂਬਾ ਸਰਕਾਰ ਨੇ ਅੱਜ ਪੂਰੇ ਰਾਜ ਵਿਚ ‘ਡਰਾਈ ਡੇਅ’ ਐਲਾਨਿਆ ਹੋਇਆ ਸੀ, ਜਦੋਂ ਕਿ ਮੇਘਾਲਿਆ ਸਰਕਾਰ ਨੇ ਵੀ ਕਿਹਾ ਹੈ ਕਿ ਜ਼ੁਬੀਨ ਦੀ ਮ੍ਰਿਤਕ ਦੇਹ ਜਿਸ ਰਸਤੇ ਤੋਂ ਲੰਘੇਗੀ, ਉਸ ਦੇ ਆਲੇ ਦੁਆਲੇ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

Advertisement
Tags :
cremationfinal journeyPostmortemZubeen GargZUBEEN LAST JOURNEYਅੰਤਿਮ ਯਾਤਰਾਗਾਇਕ ਜ਼ੁਬੀਨ ਗਰਗ
Show comments