ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ’ਚ ਮੌਤ ਤਾਰੀਆਂ ਲਾਉਣ ਮੌਕੇ ਹੋਈ: ਮੀਡੀਆ ਰਿਪੋਰਟ
ਸਿੰਗਾਪੁਰ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸੰਗੀਤਕਾਰ ਤੇ ਗਾਇਕ ਜ਼ੁਬੀਨ ਗਰਗ ਦੀ ਮੌਤ ਪਿਛਲੇ ਮਹੀਨੇ ਸਕੂਬਾ ਡਾਈਵਿੰਗ ਦੌਰਾਨ ਨਹੀਂ ਬਲਕਿ ਸਿੰਗਾਪੁਰ ਵਿਚ ਸਮੁੰਦਰ ’ਚ ਤਾਰੀਆਂ ਲਾਉਣ ਮੌਕੇ ਹੋਈ ਸੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਗਾਇਕ ਦੀ ਮੌਤ ਸਕੂਬਾ ਡਾਈਵਿੰਗ ਦੌਰਾਨ ਹੋਈ ਸੀ।
ਦਿ ਸਟ੍ਰੇਟਸ ਟਾਈਮਜ਼ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਕਿ ਸਿੰਗਾਪੁਰ ਪੁਲੀਸ ਫੋਰਸ (SPF) ਨੇ ਭਾਰਤੀ ਹਾਈ ਕਮਿਸ਼ਨ ਦੀ ਅਪੀਲ ’ਤੇ ਉਨ੍ਹਾਂ ਨੂੰ ਗਾਇਕ ਦੀ ਪੋਸਟਮਾਰਟ ਰਿਪੋਰਟ ਤੇ ਮੌਤ ਨੂੰ ਲੈ ਕੇ ਹੁਣ ਤੱਕ ਕੀਤੀ ਮੁੱਢਲੀ ਜਾਂਚ ਨਾਲ ਜੁੜੇ ਵੇਰਵੇ ਸੌਂਪ ਦਿੱਤੇ ਹਨ। ਸਿੰਗਾਪੁਰ ਪੁਲੀਸ ਨੇ ਜ਼ੁਬੀਨ ਦੀ ਮੌਤ ਵਿਚ ਕਿਸੇ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਹੈ।
ਸਿੰਗਾਪੁਰ ਬ੍ਰੌਡਸ਼ੀਟ ਨੇ ਇੱਥੇ ਐੱਲਆਈਐੱਮਐੱਨ ਲਾਅ ਕਾਰਪੋਰੇਸ਼ਨ ਦੇ ਐਸੋਸੀਏਟ ਡਾਇਰੈਕਟਰ ਐਨਜੀ ਕਾਈ ਲਿੰਗ ਦੇ ਹਵਾਲੇ ਨਾਲ ਕਿਹਾ, ‘‘ਜ਼ੁਬੀਨ ਗਰਗ ਦੇ ਮਾਮਲੇ ਵਿੱਚ, ਕੋਰੋਨਰ ਜਾਂਚ ਸੰਭਾਵੀ ਤੌਰ ’ਤੇ ਉਸ ਦੇ ਡੁੱਬਣ ਤੱਕ ਦੀਆਂ ਘਟਨਾਵਾਂ ਦੇ ਕ੍ਰਮ ’ਤੇ ਰੌਸ਼ਨੀ ਪਾ ਸਕਦੀ ਹੈ।’’
ਸਿੰਗਾਪੁਰ ਪੁਲੀਸ 19 ਸਤੰਬਰ ਨੂੰ ਜ਼ੁਬੀਨ ਗਰਗ ਨੂੰ ਸੇਂਟ ਜੌਹਨ ਟਾਪੂ ਤੋਂ ਹਸਪਤਾਲ ਲੈ ਕੇ ਗਈ ਸੀ। ਗਾਇਕ ਨੂੰ ਬੇਸੁਰਤ ਹਾਲਤ ਵਿਚ ਪਾਣੀ ’ਚੋਂ ਬਾਹਰ ਕੱਢ ਕੇ ਸਿੰਗਾਪੁਰ ਦੇ ਜਨਰਲ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਉਸੇ ਦਿਨ ਮੌਤ ਹੋ ਗਈ।
ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਗਾਇਕ ਜ਼ੁਬੀਨ ਗਰਗ 19 ਸਤੰਬਰ ਨੂੰ ਇਸ ਹਾਦਸੇ ਤੋਂ ਪਹਿਲਾਂ ਇਕ ਬੇਨਾਮੀ ਕਿਸ਼ਤੀ ’ਤੇ ਸਵਾਰ ਸੀ, ਜਿਸ ਵਿਚ ਦਰਜਨ ਤੋਂ ਵੱਧ ਹੋਰ ਲੋਕ ਮੌਜੂਦ ਸਨ। ਇਸ ਤੋਂ ਅਗਲੇ ਦਿਨ 20 ਸਤੰਬਰ ਨੂੰ ਐਕਸ ’ਤੇ ਪੋਸਟ ਵੀਡੀਓ ਵਿਚ ਗਰਗ ਨੂੰ ਜੀਵਨ ਰੱਖਿਅਕ ਜੈਕਟ ਪਾਈ ਪਾਣੀ ਵਿਚ ਤਾਰੀਆਂ ਲਾਉਂਦਿਆਂ ਦੇਖਿਆ ਗਿਆ। ਪਰ ਮੀਡੀਆ ਰਿਪੋਰਟਾਂ ਮੁਤਾਬਕ ਜਿਸ ਵਿਅਕਤੀ ਨੇ ਇਹ ਵੀਡੀਓ (ਜਿਸ ਨੂੰ ਹੁਣ ਤੱਕ 6 ਲੱਖ ਤੋਂ ਵੱਧ ਵਿਊਜ਼ ਮਿਲੇ ਹਨ) ਪੋਸਟ ਕੀਤਾ, ਨੇ ਕਿਹਾ ਕਿ ਗਰਗ ਨੇ ਕੁਝ ਮਿੰਟਾਂ ਬਾਅਦ ਮੁੜ ਪਾਣੀ ਵਿਚ ਛਾਲ ਮਾਰੀ, ਪਰ ਉਦੋਂ ਉਸ ਨੇ ਜੀਵਨ ਰੱਖਿਅਕ ਜੈਕਟ ਨਹੀਂ ਪਾਈ ਹੋਈ ਸੀ।
ਐੱਸਪੀਐੱਫ ਨੇ ਸਿੰਗਾਪੁਰ ਦੇ ਲੋਕਾਂ ਨੂੰ ਗਰਗ ਦੀ ਮੌਤ ਨਾਲ ਸਬੰਧਤ ਕੋਈ ਵੀ ਵੀਡੀਓ ਜਾਂ ਤਸਵੀਰਾਂ ਸਾਂਝੀਆਂ ਨਾ ਕਰਨ ਦੀ ਸਲਾਹ ਦਿੱਤੀ ਸੀ। ਵੱਖ-ਵੱਖ ਮੀਡੀਆ ਰਿਪੋਰਟਾਂ ਅਨੁਸਾਰ, ਸਿੰਗਾਪੁਰ ਦੇ ਇੱਕ ਹਸਪਤਾਲ ਵੱਲੋਂ ਜਾਰੀ ਕੀਤੇ ਗਏ ਗਰਗ ਦੇ ਮੌਤ ਸਰਟੀਫਿਕੇਟ ਵਿੱਚ ਮੌਤ ਦਾ ਕਾਰਨ ਡੁੱਬਣਾ ਦੱਸਿਆ ਗਿਆ ਹੈ।
ਜ਼ੁਬੀਨ ਗਰਗ ਭਾਰਤ ਸਿੰਗਾਪੁਰ ਕੂਟਨੀਤਕ ਰਿਸ਼ਤਿਆਂ ਦੇ 60ਵੇਂ ਸਾਲ ਦੇ ਜਸ਼ਨ ਅਤੇ ਭਾਰਤ ਆਸੀਆਨ ਸੈਰ-ਸਪਾਟਾ ਸਾਲ, ਉੱਤਰ-ਪੂਰਬੀ ਭਾਰਤ ਉਤਸਵ ਮਨਾਉਣ ਲਈ ਸਿੰਗਾਪੁਰ ਵਿੱਚ ਸੀ। ਇਹ ਮੈਗਾ ਪ੍ਰੋਗਰਾਮ 19-21 ਸਤੰਬਰ ਨੂੰ ਆਯੋਜਿਤ ਕੀਤਾ ਜਾਣਾ ਸੀ। ਹਾਲਾਂਕਿ, ਅਸਾਮ ਅਤੇ ਭਾਰਤ ਵਿੱਚ ਲੱਖਾਂ ਲੋਕਾਂ ਦੇ ਆਦਰਸ਼ ਗਾਇਕ ਦੀ ਦੁਖਦਾਈ ਮੌਤ ਕਾਰਨ ਸਾਰੇ ਸਮਾਗਮ ਰੱਦ ਕਰ ਦਿੱਤੇ ਗਏ ਸਨ।
ਇਸ ਦੌਰਾਨ ਅਸਾਮ ਪੁਲੀਸ ਨੇ ਕਿਹਾ ਕਿ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਅਤੇ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤਾ ਨੂੰ ਗਾਇਕ ਦੀ ਮੌਤ ਦੇ ਸਬੰਧ ਵਿੱਚ ਬੁੱਧਵਾਰ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ’ਤੇ ਭਾਰਤੀ ਨਿਆਂਏ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਵਾਲੇ ਗੈਰ-ਇਰਾਦਤਨ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਨੂੰ 14 ਦਿਨਾਂ ਲਈ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।