ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵਿਕਾਸਸ਼ੀਲ ਮੁਲਕਾਂ ਲਈ ਸਿੰਗਾਪੁਰ ਵੱਡੀ ਪ੍ਰੇਰਣਾ: ਮੋਦੀ

ਦੋਵੇਂ ਮੁਲਕਾਂ ਵਿਚਕਾਰ ਸੈਮੀਕੰਡਕਟਰ ਸਣੇ ਚਾਰ ਸਮਝੌਤਿਆਂ ’ਤੇ ਦਸਤਖ਼ਤ
ਸਿੰਗਾਪੁਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਹਮਰੁਤਬਾ ਲਾਰੈਂਸ ਵੌਂਗ ਨਾਲ ਗੱਲਬਾਤ ਕਰਦੇ ਹੋਏ। -ਫੋਟੋ: ਏਐਨਆਈ
Advertisement

ਸਿੰਗਾਪੁਰ, 5 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਵੌਂਗ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੰਗਾਪੁਰ ਨਾ ਸਿਰਫ਼ ਭਾਈਵਾਲ ਮੁਲਕ ਹੈ, ਸਗੋਂ ਉਹ ਹਰੇਕ ਵਿਕਾਸਸ਼ੀਲ ਦੇਸ਼ ਲਈ ਪ੍ਰੇਰਣਾ ਵੀ ਹੈ। ਦੋਵੇਂ ਮੁਲਕਾਂ ਨੇ ਦੁਵੱਲੇ ਸਬੰਧਾਂ ਦਾ ਘੇਰਾ ਵਿਆਪਕ ਰਣਨੀਤਕ ਭਾਈਵਾਲੀ ਤੱਕ ਵਧਾਉਂਦਿਆ ਸੈਮੀਕੰਡਕਟਰ ਸੈਕਟਰ ’ਚ ਸਹਿਯੋਗ ਸਮੇਤ ਚਾਰ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਦੋਵੇਂ ਆਗੂਆਂ ਦੀ ਹਾਜ਼ਰੀ ’ਚ ਸੈਮੀਕੰਡਕਟਰ, ਡਿਜੀਟਲ ਤਕਨਾਲੋਜੀ, ਹੁਨਰ ਵਿਕਾਸ ਅਤੇ ਸਿਹਤ ਸੇਵਾਵਾਂ ’ਚ ਸਹਿਯੋਗ ਲਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਪ੍ਰਧਾਨ ਮੰਤਰੀ ਨੇ ਵੌਂਗ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ, ਜੋ ਉਨ੍ਹਾਂ ਸਵੀਕਾਰ ਕਰ ਲਿਆ। ਮੋਦੀ ਨੇ ਕਿਹਾ ਕਿ ਉਹ ਵੀ ਭਾਰਤ ’ਚ ਕਈ ਸਿੰਗਾਪੁਰ ਬਣਾਉਣਾ ਚਾਹੁੰਦੇ ਹਨ ਅਤੇ ਇਸ ਦਿਸ਼ਾ ਵੱਲ ਰਲ ਕੇ ਕੰਮ ਹੋ ਰਿਹਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੋਵੇਂ ਆਗੂਆਂ ਦੀ ਮੀਟਿੰਗ ਮਗਰੋਂ ‘ਐਕਸ’ ’ਤੇ ਕਿਹਾ ਕਿ ਅਤਿ ਆਧੁਨਿਕ ਮੈਨੂੰਫੈਕਚਰਿੰਗ, ਸੰਪਰਕ ਸਹੂਲਤ, ਡਿਜੀਟਲਾਈਜ਼ੇਸ਼ਨ, ਸਿਹਤ ਸੰਭਾਲ ਤੇ ਦਵਾਈਆਂ ਅਤੇ ਹੁਨਰ ਵਿਕਾਸ ਜਿਹੇ ਖੇਤਰਾਂ ’ਚ ਦੁਵੱਲੇ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਦੀ ਨਜ਼ਰਸਾਨੀ ਕੀਤੀ। ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਦੋਵੇਂ ਆਗੂਆਂ ਨੇ ਭਾਰਤ-ਸਿੰਗਾਪੁਰ ਦੁਵੱਲੇ ਸਬੰਧਾਂ ਦੀ ਪ੍ਰਗਤੀ ਬਾਰੇ ਵੀ ਨਜ਼ਰਸਾਨੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਚਾਰੇ ’ਚ ਕਰੀਬ 160 ਅਰਬ ਅਮਰੀਕੀ ਡਾਲਰ ਦੇ ਨਿਵੇਸ਼ ਨਾਲ ਸਿੰਗਾਪੁਰ, ਭਾਰਤ ਦਾ ਇਕ ਅਹਿਮ ਭਾਈਵਾਲ ਹੈ। ਉਨ੍ਹਾਂ ਸੁਰੱਖਿਆ, ਸਮੁੰਦਰੀ ਖੇਤਰ ’ਚ ਜਾਗਰੂਕਤਾ, ਸਿੱਖਿਆ, ਏਆਈ, ਫਿਨਟੈੱਕ, ਨਵੀਂ ਤਕਨਾਲੋਜੀ ਖੇਤਰ, ਸਾਇੰਸ ਤੇ ਤਕਨਾਲੋਜੀ ਅਤੇ ਗਿਆਨ ਭਾਈਵਾਲੀ ਦੇ ਖੇਤਰਾਂ ’ਚ ਮੌਜੂਦਾ ਸਹਿਯੋਗ ’ਤੇ ਵੀ ਚਰਚਾ ਕੀਤੀ। ਮੋਦੀ ਅਤੇ ਵੌਂਗ ਨੇ ‘ਹਰਿਤ ਗਲਿਆਰਾ’ ਪ੍ਰਾਜੈਕਟ ’ਚ ਤੇਜ਼ੀ ਲਿਆਉਣ ਦਾ ਵੀ ਸੱਦਾ ਦਿੱਤਾ।

Advertisement

ਉਨ੍ਹਾਂ ਐਲਾਨ ਕੀਤਾ ਕਿ ਭਾਰਤ ਦਾ ਪਹਿਲਾ ਤਿਰੂਵਲੂਵਰ ਸੱਭਿਆਚਾਰਕ ਕੇਂਦਰ ਸਿੰਗਾਪੁਰ ’ਚ ਖੋਲ੍ਹਿਆ ਜਾਵੇਗਾ। ਇਸ ਦੌਰਾਨ ਸਿੰਗਾਪੁਰ ਦੀਆਂ ਵੱਖ ਵੱਖ ਕੰਪਨੀਆਂ ਦੇ ਸੀਈਓਜ਼ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਉਨ੍ਹਾਂ ਨੂੰ ਭਾਰਤ ਦੇ ਏਵੀਏਸ਼ਨ, ਊਰਜਾ ਅਤੇ ਹੁਨਰ ਵਿਕਾਸ ਜਿਹੇ ਖੇਤਰਾਂ ’ਚ ਨਿਵੇਸ਼ ਦਾ ਸੱਦਾ ਦਿੱਤਾ। ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਭਾਰਤ ਨੇ ਕਈ ਸੁਧਾਰ ਕੀਤੇ ਹਨ ਅਤੇ ਅਗਲੇ ਕੁਝ ਸਾਲਾਂ ’ਚ ਮੁਲਕ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਉਨ੍ਹਾਂ ਸਿੰਗਾਪੁਰ ’ਚ ‘ਇਨਵੈਸਟ ਇੰਡੀਆ’ ਦਾ ਦਫ਼ਤਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਉਨ੍ਹਾਂ ਸਿੰਗਾਪੁਰ ਦੇ ਰਾਸ਼ਟਰਪਤੀ ਥਰਮਨ ਸ਼ਨਮੁਗਰਤਨਮ ਨਾਲ ਮੁਲਾਕਾਤ ਕਰਕੇ ਹੁਨਰ ਵਿਕਾਸ, ਤਕਨਾਲੋਜੀ, ਕਾਢਾਂ ਅਤੇ ਸੰਪਰਕ ਖੇਤਰਾਂ ’ਚ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ

ਮੋਦੀ ਨੇ ਲੀ ਸੀਨ ਲੂੰਗ ਦੀ ਕੀਤੀ ਸ਼ਲਾਘਾ

ਸਿੰਗਾਪੁਰ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਸਾਬਕਾ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਨੂੰ ਭਾਰਤ-ਸਿੰਗਾਪੁਰ ਸਬੰਧਾਂ ਦਾ ਮੁੱਦਈ ਕਰਾਰ ਦਿੰਦਿਆਂ ਉਨ੍ਹਾਂ ਵੱਲੋਂ ਦੋਵੇਂ ਮੁਲਕਾਂ ਦੀ ਰਣਨੀਤਕ ਭਾਈਵਾਲੀ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਲੀ ਨੇ ਮੋਦੀ ਦੇ ਸਨਮਾਨ ’ਚ ਦੁਪਹਿਰ ਦਾ ਭੋਜਨ ਦਿੱਤਾ। ਮੋਦੀ ਨੇ ਕਿਹਾ ਕਿ ਉਨ੍ਹਾਂ ਦੋਵੇਂ ਮੁਲਕਾਂ ਦੇ ਭਵਿੱਖ ਵਾਲੇ ਖੇਤਰਾਂ ’ਚ ਰਲ ਕੇ ਕੰਮ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। -ਪੀਟੀਆਈ

ਦੱਖਣੀ ਚੀਨ ਸਾਗਰ ’ਚ ਸ਼ਾਂਤੀ ਬਹਾਲੀ ’ਤੇ ਦਿੱਤਾ ਜ਼ੋਰ

ਸਿੰਗਾਪੁਰ:

ਭਾਰਤ ਅਤੇ ਸਿੰਗਾਪੁਰ ਨੇ ਦੱਖਣੀ ਚੀਨ ਸਾਗਰ ’ਚ ਸ਼ਾਂਤੀ, ਸਥਿਰਤਾ ਦੀ ਬਹਾਲੀ ਅਤੇ ਜਹਾਜ਼ਰਾਣੀ ਦੀ ਖੁੱਲ੍ਹ ’ਤੇ ਜ਼ੋਰ ਦਿੱਤਾ ਹੈ। ਦੋਵਾਂ ਮੁਲਕਾਂ ਨੇ ਕੌਮਾਂਤਰੀ ਕਾਨੂੰਨ ਮੁਤਾਬਕ ਮਸਲਿਆਂ ਦੇ ਸ਼ਾਂਤਮਈ ਹੱਲ ’ਤੇ ਵੀ ਜ਼ੋਰ ਦਿੱਤਾ। ਇਕ ਸਾਂਝੇ ਬਿਆਨ ’ਚ ਦੋਵੇਂ ਮੁਲਕਾਂ ਨੇ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸ਼ਾਂਤੀ ਅਤੇ ਸਥਿਰਤਾ ਲਈ ਰਲ ਕੇ ਕੰਮ ਕਰਨ ਦੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਹਰ ਤਰ੍ਹਾਂ ਦੇ ਅਤਿਵਾਦ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਅਤਿਵਾਦ ਦਾ ਡਟ ਕੇ ਮੁਕਾਬਲਾ ਕਰਨ ਲਈ ਵਚਨਬੱਧ ਹਨ। -ਪੀਟੀਆਈ

Advertisement
Tags :
Lawrence WongPM Narendra ModiPunjabi khabarPunjabi NewsSingapore