ਸਿੱਖ ਗੁਰੂਆਂ ਨੇ ਬਲੀਦਾਨ ਦੇ ਕੇ ਸਨਾਤਨ ਦੀ ਰੱਖਿਆ ਕੀਤੀ: ਯੋਗੀ
ਉੱਤਰ ਪਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਕਿਹਾ ਕਿ ਸਿੱਖ ਗੁਰੂਆਂ ਨੇ ਆਪਣਾ ਬਲੀਦਾਨ ਦੇ ਕੇ ਸਨਾਤਨ ਦੀ ਰੱਖਿਆ ਕੀਤੀ। ਯੋਗੀ ਨੇ ਅੱਜ ਇੱਥੇ ਪੈਡਲੇਗੰਜ ਸਥਿਤ ਗੁਰਦੁਆਰੇ ਵਿੱਚ ਕਰਵਾਏ ਗਏ ਇਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਤਿਹਾਸ ਵਿੱਚ ਉਹੀ ਜਾਤੀ ਅਤੇ ਕੌਮ ਜਿਊਂਦੀ ਰਹਿੰਦੀ ਹੈ, ਜੋ ਆਪਣੇ ਪੁਰਖਿਆਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਂਦੀ ਹੈ।
ਇਕ ਅਧਿਕਾਰਤ ਬਿਆਨ ਮੁਤਾਬਕ, ਮੁੱਖ ਮੰਤਰੀ ਨੇ ਕਿਹਾ, ‘‘ਸਿੱਖ ਗੁਰੂਆਂ ਨੇ ਹਮੇਸ਼ਾ ਸਨਾਤਨ ਧਰਮ ਅਤੇ ਭਾਰਤੀ ਸਭਿਆਚਾਰ ਦੀ ਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਉਨ੍ਹਾਂ ਦੀ ਬਹਾਦਰੀ, ਤਿਆਗ ਅਤੇ ਬਲੀਦਾਨ ਦੇਸ਼ ਦੀ ਆਤਮਾ ਵਿੱਚ ਅੱਜ ਵੀ ਜਿਊਂਦੇ ਹਨ।’’ ਇਸ ਮੌਕੇ ਉਨ੍ਹਾਂ ਸੈਰ-ਸਪਾਟਾ ਵਿਕਾਸ ਕਾਰਜਾਂ, ਗੁਰਦੁਆਰੇ ਦੀ ਇਮਾਰਤ ਦੇ ਨਵੀਨੀਕਰਨ ਅਤੇ ਬੁਨਿਆਦੀ ਸਹੂਲਤਾਂ ਦੇ ਵਿਸਤਾਰ ਕਾਰਜਾਂ ਦਾ ਉਦਘਾਟਨ ਕੀਤਾ। ਯੋਗੀ ਨੇ ਖ਼ਾਸ ਤੌਰ ’ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਲੀਦਾਨ ਦੇ 350ਵੇਂ ਸਾਲ ਵਿੱਚ ਦੇਸ਼ ਭਰ ’ਚ ਪ੍ਰੋਗਰਾਮ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਰਿਹਾਇਸ਼ ਤੋਂ ਨਗਰ ਕੀਰਤਨ ਰਾਹੀਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਯੋਗੀ ਨੇ ਗੁਰੂ ਗੋਬਿੰਦ ਸਿੰਘ ਦੇ ਚਾਰੋਂ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੇ ਬਲੀਦਾਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਲੀਦਾਨ ਭਾਰਤੀ ਇਤਿਹਾਸ ਦਾ ਮਾਣਮੱਤਾ ਅਧਿਆਏ ਹੈ।
ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਸਮਾਗਮ ਵਿੱਚ ਮੁੱਖ ਮੰਤਰੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸੰਗਤ ਵਿੱਚ ਸ਼ਾਮਲ ਹੋਏ। ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖ ਗੁਰੂਆਂ ਦੀ ਰਵਾਇਤ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਹਰੇਕ ਗੁਰੂ ਨੇ ਸਨਾਤਨ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਪਣਾ ਸਭ ਕੁਝ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਭਾਰਤੀ ਸਭਿਆਚਾਰ ’ਤੇ ਸੰਕਟ ਆਇਆ, ਸਿੱਖ ਗੁਰੂਆਂ ਨੇ ਅੱਗੇ ਵਧ ਕੇ ਆਪਣੇ ਬਲੀਦਾਨ ਨਾਲ ਉਸ ਨੂੰ ਬਚਾਇਆ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਪੈਡਲੇਗੰਜ ਦਾ ਇਹ ਗੁਰਦੁਆਰਾ ਸਾਲਾਂ ਤੋਂ ਸਿੱਖ ਸੰਗਤ ਦੀ ਆਸਥਾ ਦਾ ਕੇਂਦਰ ਰਿਹਾ ਹੈ। ਪਹਿਲਾਂ ਇੱਥੇ ਸੁਵਿਧਾਵਾਂ ਦੀ ਘਾਟ ਸੀ, ਪਰ ਹੁਣ ਸੈਰ ਸਪਾਟਾ ਵਿਭਾਗ ਅਤੇ ਸਰਕਾਰ ਦੀ ਮਦਦ ਨਾਲ ਇਸ ਨੂੰ ਆਧੁਨਿਕ ਰੂਪ ਦਿੱਤਾ ਗਿਆ ਹੈ। ਯੋਗੀ ਨੇ ਗੋਰਖਪੁਰ ਵਿੱਚ ਸਿੱਖ ਭਾਈਚਾਰੇ ਦੀ ਭੂਮਿਕਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਸਮਾਗਮ ਪੂਰਬੀ ਉੱਤਰ ਪ੍ਰਦੇਸ਼ ਦੇ ਸਿੱਖ ਭਾਈਚਾਰੇ ਨੂੰ ਇਕਜੁੱਟ ਕਰਨ ਦਾ ਮੌਕਾ ਹੈ। ਇਸ ਮੌਕੇ ਸੰਸਦ ਮੈਂਬਰ ਰਵੀ ਕਿਸ਼ਨ ਸ਼ੁਕਲਾ, ਮੇਅਰ ਡਾ. ਕਮਲੇਸ਼ ਸ੍ਰੀਵਾਸਤਵ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਐੱਮਐੱਲਸੀ ਡਾ. ਧਰਮਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਮੋਦੀ ਨੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪਵਿੱਤਰ ਗ੍ਰੰਥ ਦੀਆਂ ਸਿੱਖਿਆਵਾਂ ਮਨੁੱਖਤਾ ਨੂੰ ਏਕਤਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਪਵਿੱਤਰ ਗ੍ਰੰਥ ਹੈ, ਜਿਸ ਨੂੰ ਭਾਈਚਾਰੇ ਵੱਲੋਂ ਜਿਊਂਦੇ ਗੁਰੂ ਦੇ ਰੂਪ ਵਿੱਚ ਸਨਮਾਨ ਦਿੱਤਾ ਜਾਂਦਾ ਹੈ। ਮੋਦੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਦੀਵੀਂ ਸਿੱਖਿਆਵਾਂ ਦੁਨੀਆ ਭਰ ਵਿੱਚ ਜੀਵਨ ਨੂੰ ਪ੍ਰਕਾਸ਼ਿਤ ਕਰਦੀਆਂ ਰਹਿੰਦੀਆਂ ਹਨ ਅਤੇ ਸਾਨੂੰ ਹਮਦਰਦੀ, ਨਿਮਰਤਾ ਤੇ ਸੇਵਾ ਦੇ ਮੁੱਲਾਂ ਦੀ ਯਾਦ ਦਿਵਾਉਂਦੀਆਂ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਹਮੇਸ਼ਾ ਸ੍ਰੀ ਗੁਰੂ ਗ੍ਰੰਥਾ ਸਾਹਿਬ ਜੀ ਵੱਲੋਂ ਦਿਖਾਏ ਗਏ ਗਿਆਨ ਦੇ ਮਾਰਗ ’ਤੇ ਚੱਲੀਏ ਅਤੇ ਇਕ ਬਿਹਤਰ ਗ੍ਰਹਿ ਬਣਨ ਦੀ ਕੋਸ਼ਿਸ਼ ਕਰੀਏ।’’ -ਪੀਟੀਆਈ