ਸਿੱਖ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪਵਿੱਤਰ ਨਿਸ਼ਾਨੀਆਂ ਬਾਰੇ ਸਿਫ਼ਾਰਸ਼ਾਂ ਪੇਸ਼ ਕੀਤੀਆਂ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਇੱਕ ਸਿੱਖ ਵਫ਼ਦ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਜੋੜੇ ਸਾਹਿਬ’ ਦੀ ਸਾਂਭ-ਸੰਭਾਲ ਅਤੇ ਸਨਮਾਨਯੋਗ ਪ੍ਰਦਰਸ਼ਨੀ ਲਈ ਸਿਫ਼ਾਰਸ਼ਾਂ ਪੇਸ਼ ਕੀਤੀਆਂ। ਇਹ ਜੋੜੇ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਾਤਾ ਸਾਹਿਬ ਕੌਰ ਦੇ ਹਨ।
ਮੋਦੀ ਨੇ ਕਿਹਾ ਕਿ ਇਹ ਪਵਿੱਤਰ ਨਿਸ਼ਾਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ 10ਵੇਂ ਗੁਰੂ ਸਾਹਿਬ ਵੱਲੋਂ ਦਿਖਾਈ ਹਿੰਮਤ, ਧਾਰਮਿਕਤਾ, ਨਿਆਂ ਅਤੇ ਸਮਾਜਿਕ ਸਦਭਾਵਨਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨਗੇ।
ਮੋਦੀ ਨੇ ਐਕਸ (X) ’ਤੇ ਇੱਕ ਪੋਸਟ ਵਿੱਚ ਕਿਹਾ ਕਿ ‘ਜੋੜਾ ਸਾਹਿਬ’ ਵਰਗੀਆਂ ਅਹਿਮ ਅਤੇ ਅਧਿਆਤਮਿਕ ਤੌਰ ’ਤੇ ਮਹੱਤਵਪੂਰਨ ਨਿਸ਼ਾਨੀਆਂ ਸ਼ਾਨਦਾਰ ਸਿੱਖ ਇਤਿਹਾਸ ਦੇ ਨਾਲ-ਨਾਲ ਕੌਮ ਦੀ ਸੱਭਿਆਚਾਰਕ ਨੈਤਿਕਤਾ ਦਾ ਵੀ ਹਿੱਸਾ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਸਿੱਖ ਵਫ਼ਦ ਦੇ ਉੱਘੇ ਅਤੇ ਯੋਗ ਮੈਂਬਰਾਂ ਨੂੰ ਮਿਲ ਕੇ ਬਹੁਤ ਖੁਸ਼ ਹਾਂ, ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਅਤਿ ਪਵਿੱਤਰ ਅਤੇ ਅਨਮੋਲ 'ਜੋੜੇ ਸਾਹਿਬ' ਦੀ ਸਾਂਭ-ਸੰਭਾਲ ਅਤੇ ਸਨਮਾਨਯੋਗ ਪ੍ਰਦਰਸ਼ਨੀ ਬਾਰੇ ਆਪਣੀਆਂ ਸਿਫ਼ਾਰਸ਼ਾਂ ਸੌਂਪੀਆਂ ਹਨ।’’
ਪੁਰੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 300 ਸਾਲਾਂ ਤੋਂ ਵੱਧ ਸਮੇਂ ਤੋਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੀ ਸੇਵਾ ਕਰ ਰਿਹਾ ਹੈ, ਜਦੋਂ ਇਹ ਉਨ੍ਹਾਂ ਦੇ ਪੂਰਵਜਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਬਖਸ਼ੇ ਗਏ ਸਨ।
ਉਨ੍ਹਾਂ ਨੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਦਾ ਸਾਡੀ ਸੰਗਤ ਪ੍ਰਤੀ ਅਥਾਹ ਲਗਾਅ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਵਿੱਚ ਪਿਛਲੇ ਗਿਆਰਾਂ ਸਾਲਾਂ ਵਿੱਚ ਲਏ ਗਏ ਕਈ ਦਿਆਲੂ ਅਤੇ ਦੂਰਅੰਦੇਸ਼ੀ ਫੈਸਲਿਆਂ ਵਿੱਚ ਝਲਕਦਾ ਹੈ। ਉਨ੍ਹਾਂ ਨੇ ਕਈ ਸਿੱਖ ਧਾਰਮਿਕ ਸਥਾਨਾਂ ਦੀ ਸੰਭਾਲ ਅਤੇ ਇਨ੍ਹਾਂ ਤੀਰਥ ਸਥਾਨਾਂ ਤੱਕ ਬਿਹਤਰ ਸੰਪਰਕ ਅਤੇ ਪਹੁੰਚ ਯਕੀਨੀ ਬਣਾਉਣ ਨਾਲ ਸਬੰਧਤ ਮਾਮਲਿਆਂ ਵਿੱਚ ਵੀ ਨਿੱਜੀ ਦਿਲਚਸਪੀ ਲਈ ਹੈ।"-ਪੀਟੀਆਈ