ਜੁੱਤੀ ਕਾਂਡ: ਵਕੀਲ ਖ਼ਿਲਾਫ਼ ਮਾਣਹਾਨੀ ਕਾਰਵਾਈ ਨਹੀਂ
ਸੁਪਰੀਮ ਕੋਰਟ ਨੇ ਮਾਮਲਾ ਆਪਣੇ ਆਪ ਖ਼ਤਮ ਹੋਣ ਦੇਣ ਦੀ ਗੱਲ ਆਖੀ
Advertisement
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕਰਨ ਵਾਲੇ ਵਕੀਲ ਖ਼ਿਲਾਫ਼ ਹੱਤਕ ਕਾਰਵਾਈ ਸ਼ੁਰੂ ਕਰਨ ਲਈ ਤਿਆਰ ਨਹੀਂ ਹੈ। ਸਰਬਉੱਚ ਅਦਾਲਤ ਨੇ ਕਿਹਾ ਕਿ ਚੀਫ਼ ਜਸਟਿਸ ਨੇ ਖ਼ੁਦ ਸਬੰਧਤ ਵਕੀਲ ਖ਼ਿਲਾਫ਼ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਜੇ ਬਾਗਚੀ ਦੇ ਬੈਂਚ ਨੇ ਕਿਹਾ ਕਿ ਅਦਾਲਤ ਵਿੱਚ ਨਾਅਰੇਬਾਜ਼ੀ ਕਰਨਾ ਅਤੇ ਜੁੱਤੀ ਸੁੱਟਣਾ ਅਦਾਲਤੀ ਹੱਤਕ ਦੇ ਸਪੱਸ਼ਟ ਮਾਮਲੇ ਹਨ ਪਰ ਇਹ ਸਭ ਕਾਨੂੰਨ ਤਹਿਤ ਸਬੰਧਤ ਜੱਜ ’ਤੇ ਨਿਰਭਰ ਕਰਦਾ ਹੈ ਕਿ ਅੱਗੇ ਵਧਣਾ ਹੈ ਜਾਂ ਨਹੀਂ।
ਬੈਂਚ ਨੇ ਕਿਹਾ, ‘‘ਹੱਤਕ ਦਾ ਨੋਟਿਸ ਜਾਰੀ ਕਰਨ ਨਾਲ ਸਿਰਫ਼ ਉਸ ਵਕੀਲ ਨੂੰ ਲੋੋੜੋਂ ਵੱਧ ਅਹਿਮੀਅਤ ਮਿਲੇਗੀ ਜਿਸ ਨੇ ਚੀਫ਼ ਜਸਟਿਸ ਵੱਲ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਸੀ।’’ ਬੈਂਚ ਨੇ ਕਿਹਾ ਕਿ ਇਸ ਘਟਨਾ ਨੂੰ ਆਪਣੇ ਆਪ ਖ਼ਤਮ ਹੋਣ ਦੇਣਾ ਚਾਹੀਦਾ ਹੈ। ਬੈਂਚ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐੱਸ ਸੀ ਬੀ ਏ) ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਪਟੀਸ਼ਨ ਵਿੱਚ 71 ਸਾਲਾ ਵਕੀਲ ਰਾਕੇਸ਼ ਕਿਸ਼ੋਰ ਖ਼ਿਲਾਫ਼ ਹੱਤਕ ਕਾਰਵਾਈ ਦੀ ਮੰਗ ਕੀਤੀ ਗਈ ਸੀ। ਕਿਸ਼ੋਰ ਨੇ 6 ਅਕਤੂਬਰ ਨੂੰ ਅਦਾਲਤੀ ਕਾਰਵਾਈ ਦੌਰਾਨ ਚੀਫ਼ ਜਸਟਿਸ ਵੱਲ ਜੁੱਤੀ ਸੁੱਟੀ ਸੀ। ਉਂਝ, ਸਿਖ਼ਰਲੀ ਅਦਾਲਤ ਨੇ ਕਿਹਾ ਕਿ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਦਿਸ਼ਾ-ਨਿਰਦੇਸ਼ ਨਿਰਧਾਰਤ ਕਰਨ ’ਤੇ ਵਿਚਾਰ ਕਰੇਗੀ। -ਪੀਟੀਆਈ
Advertisement
Advertisement
