ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਸ਼ਿਵ ਸੈਨਾ (ਸਿ਼ੰਦੇ) ਨੂੰ 100 ਸੀਟਾਂ ਚਾਹੀਦੀਆਂ ਨੇ: ਕਦਮ
ਮੁੰਬਈ, 20 ਜੂਨ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਸੂਬੇ ਦੀ ਵਿਧਾਨ ਸਭਾ ਦੀਆਂ 288 ਸੀਟਾਂ ’ਚੋਂ ਘੱਟੋ-ਘੱਟ 100 ’ਤੇ ਚੋਣ ਲੜਨ ਦਾ ਮੌਕਾ ਮਿਲਣਾ ਚਾਹੀਦਾ ਹੈ। ਸ਼ਿਵ ਸੈਨਾ ਮਹਾਯੁਤੀ ਗੱਠਜੋੜ ਦਾ ਹਿੱਸਾ ਹੈ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੀ ਸ਼ਾਮਲ ਹੈ। ਸੂਬੇ ਵਿੱਚ ਵਿਧਾਨ ਸਭਾ ਚੋਣਾਂ ਅਕਤੂਬਰ ’ਚ ਹਨ। ਅੱਜ ਇੱਥੇ ਐੱਨਐੱਸਸੀਆਈ ਕੰਪਲੈਕਸ ਵਿੱਚ ਸ਼ਿੰਦੇ ਧੜੇ ਵੱਲੋਂ ਅਣਵੰਡੀ ਸ਼ਿਵ ਸੈਨਾ ਦੇ 58ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਰਾਮਦਾਸ ਕਦਮ ਨੇ ਕਿਹਾ, ‘‘ਸਾਨੂੰ ਲੜਨ ਵਾਸਤੇ 100 ਸੀਟਾਂ ਮਿਲਣੀਆਂ ਚਾਹੀਦੀਆਂ ਹਨ ਅਤੇ ਅਸੀਂ ਉਨ੍ਹਾਂ ਵਿੱਚੋਂ 90 ਸੀਟਾਂ ’ਤੇ ਜਿੱਤ ਯਕੀਨੀ ਬਣਾਵਾਂਗੇ।’’ ਉੱਧਰ, ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਛਗਨ ਭੁਜਬਲ ਨੇ ਵੀ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੜਨ ਵਾਸਤੇ 80 ਤੋਂ 90 ਸੀਟਾਂ ਮਿਲਣੀਆਂ ਚਾਹੀਦੀਆਂ ਹਨ। ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਕਿਹਾ ਸੀ ਕਿ ਭਾਜਪਾ ਸਭ ਤੋਂ ਵੱਡੀ ਪਾਰਟੀ ਹੈ ਅਤੇ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜ਼ਿਆਦਾ ਸੀਟਾਂ ’ਤੇ ਚੋਣ ਲੜੇਗੀ। ਫੜਨਵੀਸ ਨੇ ਹਾਲਾਂਕਿ ਇਹ ਵੀ ਕਿਹਾ ਕਿ ਤਿੰਨੋਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਅਤੇ ਚਰਚਾ ਤੋਂ ਬਾਅਦ ਹੀ ਸੀਟਾਂ ਦੀ ਵੰਡ ਬਾਰੇ ਕੋਈ ਅੰਤਿਮ ਫੈਸਲਾ ਲਿਆ ਜਾਵੇਗਾ। -ਪੀਟੀਆਈ